ਹਿਤ ਅਤੇ ਹੱਕ ਵਿਚਲਾ ਫ਼ਰਕ

Picture of ਅਵਤਾਰ ਸਿੰਘ

ਅਵਤਾਰ ਸਿੰਘ

ਜਿਸ ਦਿਨ ਵੀ ਸਾਨੂੰ ਹਿਤ ਅਤੇ ਹੱਕ ਵਿਚਲਾ ਫਰਕ ਸਮਝ ਲੱਗ ਗਿਆ ਤਾਂ ਸਮਝੋ ਉਸ ਦਿਨ ਅਸੀਂ ਅਸਲ ਇਨਸਾਨ ਸਦਵਾਉਣ ਦੇ ਹੱਕਦਾਰ ਹੋਵਾਂਗੇ।

ਇਹ ਦੋ ਸ਼ਬਦ ਹਿਤ ਅਤੇ ਹੱਕ ਇੱਕੋ ਜਹੇ ਵਜ਼ਨ ਵਾਲ਼ੇ ਹਨ ਤੇ ਇਨ੍ਹਾਂ ਦਾ ਅਰਥ ਵੀ ਇੱਕੋ ਜਿਹਾ ਹੀ ਭਾਸਦਾ ਹੈ। ਪਰ, ਇਨ੍ਹਾਂ ਦੇ ਅਰਥ ਬਹੁਤ ਵੱਖਰੇ ਹਨ। ਹਿਤ ਦਾ ਅਰਥ ਹੈ ਪਿਆਰ ਤੇ ਹੱਕ ਦਾ ਅਰਥ ਹੈ ਸੱਚ। ਹਿਤ ਨਿਜੀ ਹੁੰਦੇ ਹਨ ਪਰ ਹੱਕ ਸਭ ਦਾ ਸਾਂਝਾ ਹੁੰਦਾ ਹੈ।

ਜਦ ਅਸੀਂ ਹਿਤਾਂ ਦੀ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਆਪੋ ਆਪਣੇ ਨਿੱਜ ਦੀ ਗੱਲ ਕਰ ਰਹੇ ਹੁੰਦੇ ਹਾਂ ਤੇ ਹਰ ਕਿਸੇ ਦੇ ਹਿਤ ਅਕਸਰ ਦੂਸਰਿਆਂ ਦੇ ਟਕਰਾ ਵਿੱਚ ਆ ਜਾਂਦੇ ਹਨ।

ਜਿਵੇਂ ਜਦ ਅਸੀਂ ਦੁਕਾਨ ‘ਤੇ ਸੌਦਾ ਲੈਣ ਜਾਂਦੇ ਹਾਂ ਤਾਂ ਦੁਕਾਨਦਾਰ ਦਾ ਹਿਤ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰਾਂ ਤੋਲ ਵਿੱਚ ਕਮੀਂ ਕਰ ਦੇਵੇ। ਇਸ ਖ਼ਾਤਰ ਦੁਕਾਨਦਾਰਾਂ ਨੇ ਆਪਣੀ ਤੱਕੜੀ ਵਿੱਚ ਕੋਈ ਨਾ ਕੋਈ ਹੇਰਾ-ਫੇਰੀ ਕੀਤੀ ਹੁੰਦੀ ਹੈ। ਅਜਿਹੀ ਹੇਰਾ-ਫੇਰੀ ਦਾ ਇਕ ਤਰੀਕਾ ਪਾਂਸਕੂ ਹੈ।

ਦੂਜੇ ਪਾਸੇ ਗਾਹਕ ਦਾ ਹਿਤ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰਾਂ ਰੇਟ ਘੱਟ ਕਰਵਾ ਲਿਆ ਜਾਵੇ। ਅਸੀਂ ਅਕਸਰ ਹੁੱਬ ਹੁੱਬ ਕੇ ਦੱਸਦੇ ਹਾਂ ਕਿ ਦੁਕਾਨਦਾਰ ਇਸ ਚੀਜ਼ ਦੇ ਏਨੇ ਪੈਸੇ ਦੱਸਦਾ ਸੀ, ਪਰ ਮੈਂ ਏਨੇ ਦਿੱਤੇ। ਜੇ ਕੋਈ ਦੁਕਾਨਦਾਰ ਵਲ੍ਹੋਂ ਮੰਗਿਆ ਰੇਟ ਹੀ ਦੇ ਦੇਵੇ ਤਾਂ ਅਸੀਂ ਸਮਝਦੇ ਹਾਂ ਕਿ ਲੁੱਟ ਹੋ ਗਿਆ।

ਬਾਹਰਲੇ ਮੁਲਕਾਂ ਵਿੱਚ ਬੇਸ਼ੱਕ ਰੇਟ ਘੱਟ ਕਰਾਉਣ ਦਾ ਰੁਝਾਨ ਨਹੀਂ ਹੈ, ਪਰ ਉੱਥੇ ਚੀਜ਼ਾਂ ਦੇ ਉੱਤੇ ਹੀ ਅਸਲ ਰੇਟ ਕੱਟ ਕੇ ਅਤੇ ਘਟਾ ਕੇ ਹੋਰ ਰੇਟ ਲਿਖਿਆ ਹੁੰਦਾ ਹੈ। ਉੱਥੇ ਵੀ ਗਾਹਕ ਬੜੇ ਖੁਸ਼ ਹੁੰਦੇ ਹਨ ਕਿ ਇਹ ਚੀਜ਼ ‘ਤੇ ਏਨਾ ਰੇਟ ਲਿਖਿਆ ਹੋਇਆ ਸੀ, ਪਰ ਇਹ ਏਨੇ ਦੀ ਮਿਲ਼ੀ ਹੈ। ਇਹ ਹਿਤ ਦੀ ਅਜਿਹੀ ਪਰਿਭਾਸ਼ਾ ਹੈ, ਜਿਹਦੇ ਨਾਲ਼ ਹਰ ਹਾਲ ਦੂਸਰੇ ਦੀ ਹਾਨੀ ਜੁੜੀ ਹੋਈ ਹੈ।

ਅਸੀਂ ਏਸੇ ਨੂੰ ਹਿਤ ਸਮਝਦੇ ਹਾਂ, ਜਿਹਦੇ ਨਾਲ਼ ਖੁਦ ਨੂੰ ਲਾਭ ਹੋਵੇ ਤੇ ਦੂਸਰੇ ਨੂੰ ਹਾਨੀ। ਪਰ ਜਿਸੇ ਸੌਦੇ ਵਿੱਚ ਕਿਸੇ ਨੂੰ ਵੀ ਹਾਨੀ ਨਾ ਹੋਵੇ ਤਾਂ ਅਜਿਹਾ ਸੌਦਾ ਹੀ ਦੋਹਾਂ ਦੇ ਹਿਤ ਵਿੱਚ ਹੋਵੇਗਾ। ਅਜਿਹਾ ਹਿਤ ਫਿਰ ਹਿਤ ਨਹੀਂ ਰਹਿੰਦਾ, ਹੱਕ ਦਾ ਦਰਜਾ ਹਾਸਲ ਕਰ ਲੈਂਦਾ ਹੈ। ਇਹੀ ਹਿਤ ਤੋਂ ਹੱਕ ਤੱਕ ਦਾ ਸਫਰ ਹੈ। ਇਸੇ ਲਈ ਹਿਤ ਅਧਰਮ ਹੈ ਤੇ ਹੱਕ ਧਰਮ ਹੈ।

ਹਿਤ ਅਕਸਰ ਹਿੱਕ ਦੇ ਜ਼ੋਰ ਵਾਲ਼ੇ ਲੈ ਜਾਂਦੇ ਹਨ ਤੇ ਹੱਕ ਦੀ ਗੱਲ ਸੱਚ ਵਾਲ਼ੇ ਕਿਸੇ ਵਿਰਲੇ ਨੂੰ ਹੀ ਸਮਝ ਲੱਗਦੀ ਹੈ। ਇਸੇ ਕਰਕੇ ਹਿਤ ਜਿੱਤ ਜਾਂਦੇ ਹਨ ਤੇ ਹੱਕ ਅਕਸਰ ਹਾਰ ਜਾਂਦਾ ਹੈ।

ਅਸੀਂ ਪੰਜਾਬੀ ਲੋਕ ਕੋਈ ਵੀ ਚੀਜ਼ ਖ਼ਰੀਦ ਕੇ ਹੁੱਬ ਹੁੱਬ ਕੇ ਦੱਸਦੇ ਹਾਂ ਕਿ ਇਹ ਚੀਜ਼ ਮੈਨੂੰ ਏਨੇ ਦੀ ਪਈ ਹੈ। ਲਈ ਅਤੇ ਪਈ ਵਿਚਲਾ ਗੁੱਝਾ ਭੇਦ ਅਤੇ ਲੁਤਫ਼ ਅਸੀਂ ਪੰਜਾਬੀ ਲੋਕ ਹੀ ਜਾਣ ਸਕਦੇ ਹਾਂ। ਅਸੀਂ ਇਹ ਨਹੀਂ ਜਾਣਦੇ ਕਿ ਸਾਡੀ ਇਸ ਲਈ ਅਤੇ ਪਈ ਵਾਲ਼ੀ ਕਮਜ਼ੋਰੀ ਨੂੰ ਬਜ਼ਾਰ ਬਹੁਤ ਬਰੀਕੀ ਨਾਲ਼ ਜਾਣਦਾ ਹੈ ਤੇ ਉਹ ਸਾਡੀ ਇਸੇ ਕਮਜ਼ੋਰੀ ਦਾ ਏਨਾ ਫ਼ਾਇਦਾ ਚੁੱਕਦਾ ਹੈ ਕਿ ਸਾਨੂੰ ਕਿਤੇ ਸੱਚ ਪਤਾ ਲੱਗ ਹਾਵੇ ਤਾਂ ਅਸੀਂ ਬਜ਼ਾਰ ਵੱਲ੍ਹ ਦੇਖਣਾ ਵੀ ਬੰਦ ਕਰ ਦੇਈਏ।

ਹੱਕ

ਬਜ਼ਾਰ ਨੂੰ ਸਾਡੀ ਫ੍ਰੀ ਵਾਲ਼ੇ ਮਨੋਰੋਗ ਦਾ ਵੀ ਪਤਾ ਹੈ ਤੇ ਬਜ਼ਾਰ ਨੂੰ ਸਾਡੀ ਫ੍ਰੀ ਵਾਲ਼ੀ ਕਮਜ਼ੋਰੀ ਦਾ ਜਿੰਨਾ ਲਾਭ ਹੁੰਦਾ ਹੈ, ਸ਼ਾਇਦ ਹੀ ਕਿਸੇ ਹੋਰ ਗੱਲ ਨਾਲ਼ ਹੁੰਦਾ ਹੋਵੇ। ਸਾਨੂੰ ਲੁੱਟਣ ਲਈ ਇੱਕ ਨਾਲ਼ ਇੱਕ ਫ੍ਰੀ ਵਾਲ਼ਾ ਫਾਰਮੂਲਾ ਬੇਹੱਦ ਕਾਰਗਰ ਹੈ ਤੇ ਅਸੀਂ ਫ੍ਰੀ ਵਾਲ਼ੇ ਝਾਂਸੇ ਵਿੱਚ ਬੜੇ ਹੀ ਅਰਾਮ ਅਤੇ ਚਾਅ ਨਾਲ਼ ਫਸ ਜਾਂਦੇ ਹਾਂ।

ਇਸ ਤਰਾਂ ਦੇ ਅਨੇਕ ਹੱਥਕੰਡਿਆਂ ਨਾਲ਼ ਬਾਜ਼ਾਰ ਸਾਡਾ ਹਿਤੂ ਹੋਣ ਦਾ ਭੁਲੇਖਾ ਸਿਰਜਦਾ ਹੈ। ਸਾਨੂੰ ਲੱਗਦਾ ਹੈ ਬਜ਼ਾਰ ਨੂੰ ਸਾਡੇ ਹਿਤਾਂ ਦਾ ਫਿਕਰ ਹੈ। ਪਰ, ਸੱਚ ਇਹ ਹੈ ਕਿ ਜਦ ਅਸੀਂ ਬਜ਼ਾਰ ਦੇ ਹਿਤ ਦਾ ਖਿਆਲ ਨਹੀਂ ਰੱਖਦੇ ਤਾਂ ਬਜ਼ਾਰ ਸਾਡੇ ਹਿਤ ਦਾ ਖਿਆਲ ਕਿਉਂ ਰੱਖੇਗਾ। ਪਰ ਉਹ ਸਾਡੇ ਹਿਤ ਦਾ ਖਿਆਲ ਰੱਖਣ ਦਾ ਭੁਲੇਖਾ ਸਿਰਜ ਲੈਂਦਾ ਹੈ ਤੇ ਸਾਨੂੰ ਲੁੱਟ ਲੈਂਦਾ ਹੈ।

ਬਹੁਤੇ ਲੋਕ ਅੱਜਕਲ ਆਪਣੇ ਹਿਤ ਨੂੰ ਹੀ ਹੱਕ ਸਮਝਣ, ਕਹਿਣ ਅਤੇ ਮਨਾਉਣ ਦੀ ਹਿਮਾਕਤ ਕਰਦੇ ਹਨ, ਜੋ ਸਰਾਸਰ ਗਲਤ ਅਤੇ ਅਨਿਆਂ ਹੈ। ਅਗਰ ਇਨਸਾਨੀ ਹਿਤ ਅਸਮਾਨੀ ਦੇ ਬਰਖ਼ਿਲਾਫ਼ ਹਨ ਤਾਂ ਉਹ ਹੱਕ ਨਹੀਂ ਕਹੇ ਜਾ ਸਕਦੇ। ਕੋਈ ਵੀ ਇਨਸਾਨੀ ਹਿਤ ਅਗਰ ਅਸਮਾਨੀ ਹਿਤ ਦੇ ਹੱਕ ਵਿੱਚ ਹੋਵੇ ਤਾਂਹੀ ਉਨ੍ਹਾਂ ਹਿਤਾਂ ਨੂੰ ਹੱਕ ਦਾ ਦਰਜਾ ਪ੍ਰਾਪਤ ਹੁੰਦਾ ਹੈ। ਗ਼ਾਲਿਬ ਸਾਹਿਬ ਕਹਿੰਦੇ ਹਨ: ਜਾਨ ਦੀ ਦੀ ਹੂਈ ਉਸੀ ਕੀ ਹੀ ਥੀ, ਹੱਕ ਤੋ ਯੇ ਹੈ ਕਿ ਹੱਕ ਅਦਾ ਨਾ ਹੂਆ।

ਇਹ ਵੀ ਪੜ੍ਹੋ: ਪੰਜਾਬ ਦਾ ਕਿਸਾਨ – ਬੱਕਰੇ ਦੀ ਬਲ਼ੀ ਤੇ ਬਲ਼ੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ

ਜੰਗਲ਼ ਵਿੱਚ ਇਕ ਮਾਂ ਸ਼ੇਰਨੀ ਆਪਣੇ ਬੱਚਿਆਂ ਦੇ ਹਿਤ ਲਈ ਹਿਰਨੀ ਨੂੰ ਮਾਰ ਕੇ ਉਹਦੇ ਬੱਚਿਆਂ ਦੀ ਹਾਨੀ ਕਰਦੀ ਹੈ। ਇਹ ਜੰਗਲ਼ ਦਾ ਧਰਮ ਹੈ। ਪਰ, ਮਨੁੱਖ ਜੰਗਲ਼ ਦੇ ਰਾਜ ਅਤੇ ਅਸੂਲ ਤੋਂ ਬਹੁਤ ਅੱਗੇ ਆ ਗਿਆ ਹੈ। ਹੁਣ ਮਨੁੱਖ ਦੇ ਬੱਚਿਆਂ ਦੇ ਹਿਤ ਦੂਸਰੇ ਬੱਚਿਆਂ ਦੀ ਹਾਨੀ ‘ਤੇ ਨਿਰਭਰ ਨਹੀਂ ਹਨ। ਪਰ ਸਾਨੀ ਨਾਸਮਝੀ ਕਾਰਣ ਮਾਨਵੀ ਜਗਤ ਵੀ ਜੰਗਲ਼ ਦੇ ਰਾਜ ਦੀ ਤਰਾਂ ਹਿਤਾਂ ਦੀ ਲੁੱਟ ਨਾਲ਼ ਜੂਝ ਰਿਹਾ ਹੈ।

ਇਸ ਲੁੱਟ ਤੋਂ ਅਸੀਂ ਤਦ ਹੀ ਬਚ ਸਕਦੇ ਹਾਂ, ਜੇ ਕਰ ਅਸੀਂ ਆਪਣੇ ਹਿਤਾਂ ਦੇ ਨਾਲ ਦੂਸਰਿਆਂ ਦੇ ਹਿਤਾਂ ਦਾ ਵੀ ਖਿਆਲ ਰੱਖੀਏ। ਕਿਸੇ ਦਾ ਹਿਤ ਤਦ ਹੀ ਸਹੀ ਕਿਹਾ ਜਾ ਸਕਦਾ ਹੈ, ਜਿ ਉਹ ਕਿਸੇ ਦੂਸਰੇ ਦੇ ਹਿਤ ਨੂੰ ਹਾਨੀ ‘ਤੇ ਨਿਰਭਰ ਨਹੀਂ। ਦੂਸਰੇ ਦੇ ਹਾਨੀ ਨਾਲ਼ ਜੁੜੇ ਹੋਏ ਹਿਤ ਲਾਲਚ ਨਾਲ਼ ਭਰੀਆਂ ਹੋਈਆਂ ਪਾਪ ਦੀਆਂ ਪੰਡਾਂ ਹਨ ਤੇ ਗੁਰਬਾਣੀ ਦਾ ਫੁਰਮਾਨ ਹੈ: ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।

ਇਹ ਗੱਲ ਬੜੀ ਅੱਛੀ ਹੈ ਕਿ ਅਸੀਂ ਸੂਦਖ਼ੋਰ ਨੂੰ ਅੱਛਾ ਇਨਸਾਨ ਨਹੀਂ ਸਮਝਦੇ। ਪਰ ਇਹ ਗੱਲ ਬੜੀ ਹੈਰਾਨੀ ਦੀ ਹੈ ਕਿ ਜੋ ਖ਼ੁਦ ਮੁਫ਼ਤਖ਼ੋਰੇ ਹਨ, ਉਹ ਸੂਦਖ਼ੋਰਾਂ ਨੂੰ ਬੜੀਆਂ ਹੀ ਹਕਾਰਤ ਭਰੀਆਂ ਨਜ਼ਰਾਂ ਨਾਲ਼ ਦੇਖਦੇ ਹਨ।

ਅਸੀਂ ਆਪ ਏਨੇ ਮੁਫ਼ਤਖ਼ੋਰੇ ਹਾਂ ਕਿ ਜਦ ਵੀ ਸਾਡੀ ਮੁਫ਼ਤਖ਼ੋਰੀ ਬੇਪਰਦ ਹੋਣ ਲੱਗਦੀ ਹੈ ਤਾਂ ਅਸੀਂ ਹਾਲ-ਪਾਹਰਿਆ ਮਚਾ ਦਿੰਦੇ ਹਾਂ ਤੇ ਜਦ ਇਹਨੂੰ ਆਂਚ ਆਉਣ ਲਗਦੀ ਤਾਂ ਅਸੀਂ ਲੁੱਟੇ ਗਏ ਮਾਰੇ ਗਏ ਦੀ ਦੁਹਾਈ ਦੇਣ ਲੱਗ ਜਾਂਦੇ ਹਾਂ। ਅਗਰ ਇਹਤੋਂ ਹੋਰ ਅੱਗੇ ਗੱਲ ਵਧਣ ਲੱਗੇ ਤਾਂ ਅਸੀਂ ਖੜਦੁੰਮ ਮਚਾਉਣ ਦੇ ਮਾਹਰ ਤਾਂ ਹਾਂ ਹੀ।

ਜਿਸ ਦਿਨ ਵੀ ਸਾਨੂੰ ਹਿਤ ਅਤੇ ਹੱਕ ਵਿਚਲਾ ਫਰਕ ਸਮਝ ਲੱਗ ਗਿਆ ਤੇ ਅਸੀਂ ਆਪਣੇ ਹਿਤ ਨੂੰ ਹੱਕ ਨਾਲ਼ ਜੋੜ ਕੇ ਦੇਖਣ ਦੀ ਆਦਤ ਪਾ ਲਈ ਤਾਂ ਸਮਝੋ ਉਸ ਦਿਨ ਅਸੀਂ ਅਸਲ ਇਨਸਾਨ ਸਦਵਾਉਣ ਦੇ ਹੱਕਦਾਰ ਹੋਵਾਂਗੇ।

ਇਹ ਵੀ ਪੜ੍ਹੋ: ਪੰਜਾਬੀ ਹੋਣ ਤੇ ਪੰਜਾਬ ‘ਚ ਰਹਿਣ ਦਾ ਫ਼ਿਕਰ

 

Picture of ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024