ਮੀਰੀ-ਪੀਰੀ ਦੇ ਸ਼ਹਿਨਸ਼ਾਹ ਦੇ ਤਖਤ ‘ਤੇ ਸ਼ਸ਼ੋਭਿਤ ਜਥੇਦਾਰ ਸਾਹਿਬ ਨੇ ਆਪਣੀ ਤਕਰੀਰ ਰਾਹੀਂ ਖਿੰਡੇ ਹੋਏ ਖਾਲਸਾ ਪੰਥ ਦੀ ਝੋਲੀ ਨੂੰ ਡੂੰਘੀਆਂ ਉਦਾਸੀਆਂ ਨਾਲ ਭਰ ਦਿੱਤਾ ਹੈ।
ਮੰਗਲਵਾਰ ਵਾਲੇ ਦਿਨ ਜਦੋਂ ਭਾਈ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ `ਤੇ ਪੰਥ ਨੂੰ ਮੁਖਾਤਿਬ ਹੋ ਰਹੇ ਸਨ ਤਾਂ ਕਿਸੇ ਨੂੰ ਸੁਪਨੇ ਵਿਚ ਵੀ ਇਹ ਚਿੱਤ-ਚੇਤਾ ਨਹੀਂ ਸੀ ਕਿ ਆਪਣੇ ਆਪ ਨੂੰ ‘ਆਜ਼ਾਦ` ਕਹਿਣ ਵਾਲੇ ਜਥੇਦਾਰ ਸਾਹਿਬ ਇਕ ਅਜਿਹੀ ਧਿਰ ਨਾਲ ਜਾ ਖਲੋਣਗੇ ਜੋ ਪੰਥ ਵਿਚ ਆਪਣੀ ਡਿੱਗੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਲਈ ਕਿਨੇ ਚਿਰਾਂ ਤੋਂ ਤਰਲੇ ਮਿੰਨਤਾਂ ਕਰ ਰਹੇ ਸਨ।
ਉਹ ਧਿਰ ਦਰਅਸਲ ਕਿਸੇ ਵੱਡੇ ਮੋਢੇ ਦੀ ਤਲਾਸ਼ ਕਰ ਰਹੀ ਸੀ, ਜਿਸ ਦੀ ਵਰਤੋਂ ਕਰਕੇ ਉਹ ਗੁੱਸੇ, ਰੋਸ ਅਤੇ ਰੋਹ ਵਿਚ ਆਏ ਖਾਲਸਾ ਪੰਥ ਦੇ ਦਿਲਾਂ ਵਿਚ ਮੁੜ ਆਪਣੀ ਥਾਂ ਬਣਾ ਸਕਣ। ਉਹ ਕਿੰਨੇ ਚਿਰ ਤੋਂ ਹਨੇਰਿਆਂ ਵਿਚ ਭਟਕ ਰਹੇ ਸਨ ਅਤੇ ਇਸ ਭਟਕਣਾਂ ਦਾ ਆਲਮ ਖਤਮ ਹੋਣ ਵਿਚ ਹੀ ਨਹੀਂ ਸੀ ਆ ਰਿਹਾ।
ਐਨ ਉਸੇ ਸਮੇੇਂ ਭਾਈ ਹਰਪ੍ਰੀਤ ਸਿੰਘ ਨੇ ਉਸ ਧਿਰ ਦੀ ਬਾਂਹ ਫੜ ਕੇ ਇਹ ਸਿੱਧ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਕਿ ਸਿਰਫ ਉਸੇ ਧਿਰ ਦੇ ਪ੍ਰਛਾਵੇਂ ਵਿਚ ਰਹਿ ਕੇ ਹੀ ‘ਸਰਬਸਾਂਝਾ` ਹੋਇਆ ਜਾ ਸਕਦਾ ਹੈ, ਉਸੇ ਧਿਰ ਦੀ ਹਾਂ ਵਿਚ ਹਾਂ ਮਿਲਾ ਕੇ ਹੀ ਪੰਥ ਵਿਚ ‘ਏਕਤਾ` ਹੋ ਸਕਦੀ ਹੈ, ਉਸੇ ਧਿਰ ਨਾਲ ਰਹਿ ਕੇ ਹੀ ਸਿੱਖਾਂ ਦੀ ਇਹ ਮਿੰਨੀ ਪਾਰਲੀਮੈਂਟ ‘ਪਿਓ-ਪੁੱਤ` ਦਾ ਰਿਸ਼ਤਾ ਕਾਇਮ ਰੱਖ ਸਕਦੀ ਹੈ। ਜਥੇਦਾਰ ਸਾਹਿਬ ਦੇ ਬੋਲਾਂ ਵਿਚ ਤਪਸ਼ ਸੀ ਪਰ ਚਾਨਣ ਨਹੀਂ।
ਵੈਸੇ ਮੰਗਲਵਾਰ ਵਾਲੇ ਦਿਨ ਜਥੇਦਾਰ ਸਾਹਿਬ ਦੀ ਬਾਡੀ-ਲੈਂਗਵੇਜ ਦੇ ਜੋਸ਼ ਦੀਆਂ ਕਈ ਪਰਤਾਂ ਨੂੰ ਡੀਕੋਡ ਕਰਨ ਲਈ ਮਨੋਵਿਗਿਆਨੀਆਂ ਅਤੇ ਮਾਹਰਾਂ ਦੀ ਲੋੜ ਪਵੇਗੀ। ਬਾਡੀ-ਲੈਂਗੇਵੇਜ ਵਿਚ ਜਥੇਦਾਰ ਸਾਹਿਬ ਦੇ ਸ਼ਬਦ ਜਾਂ ਵਾਕਾਂ ਵਿਚ ਨਹੀਂ ਜਾਣਾ ਹੁੰਦਾ, ਸਗੋਂ ਸਮੁੱਚੇ ਜਿਸਮ ਦੇ ਹਾਵ ਭਾਵ, ਚਿਹਰੇ ਦੇ ਚੜ੍ਹਦੇ-ਲਹਿੰਦੇ ਰੰਗ, ਅੰਦਾਜ਼ੇ-ਬਿਆਨ, ਇਸ਼ਾਰੇ, ਅੱਖਾਂ ਦੀ ਹਰਕਤ ਕੁੱਝ ਇਸ ਤਰ੍ਹਾਂ ਦੀ ਸੀ ਕਿ ਇਹ ਪਰਵਾਜ਼ ‘ਆਪਣੇ ਤੋਂ ਆਪਣੇ` ਤੱਕ ਹੀ ਲੱਗਦੀ ਸੀ।
ਦਿਲਚਸਪ ਹਕੀਕਤ ਇਹ ਹੈ ਕਿ ਹਮਦਰਦ ਸੰਗਤਾਂ ਦਾ ਇਕ ਹਿੱਸਾ ਹੁਣ ਇਹ ਪਛਤਾਵਾ ਕਰ ਸਕਦਾ ਹੈ ਕਿ ‘ਐਵੇਂ ਮੈਂ ਨਾਮੁਰਾਦ ਨੂੰ ਆਪਣਾ ਮਹਿਰਮ` ਬਣਾ ਲਿਆ। ਇਕ ਹੋਰ ਪਾਸੇ ਤੋਂ ਪੱਤਰਕਾਰਾਂ ਦੀ ਮਹਿਫਲ ਵਿਚ ਇਹ ਸ਼ੇਅਰ ਸੁਣਿਆ ਗਿਆ ਕਿ :
ਜ਼ਿਕਰ ਨਾ ਕਰ ਇਸ਼ਕ ਦੀ ਤਹਿਜ਼ੀਬ ਦਾ
ਦਿਲ `ਚ ਤੇਰੇ ਧੜਕਦਾ ਸੀ ਲਾਭ-ਹਾਣ।
ਆਖਿਰ ਇਸ ਭਾਸ਼ਣ ਦੇ ਡੂੰਘੇ ਅਰਥ ਕੀ ਹੋ ਸਕਦੇ ਹਨ? ਜਥੇਦਾਰ ਸਾਹਿਬ ਨੇ ਜਦੋਂ ਤੋਂ ਜਥੇਦਾਰ ਦਾ ਅਹੁਦਾ ਸੰਭਾਲਿਆ, ਉਹ ਅਜਿਹੀਆਂ ਗੱਲਾਂ ਕਰਦੇ ਰਹੇ, ਅਜਿਹੇ ਬਿਆਨ ਦਿੰਦੇ ਰਹੇ, ਕਈ ਵਾਰ ਤੱਤੀਆਂ ਗੱਲਾਂ ਦੀ ਲੁਕਵੀਂ-ਅਲੁਕਵੀਂ ਤੇ ਪ੍ਰਤੱਖ ਸਾਂਝ ਵੀ ਪਾਉਂਦੇ ਰਹੇ ਅਤੇ ਕਈ ਵਾਰ ਖਾਲਿਸਤਾਨ ਵੀ ਉਨ੍ਹਾਂ ਨੂੰ ਚੰਗਾ-ਚੰਗਾ ਲੱਗਦਾ ਰਿਹਾ ਅਤੇ ਕਈ ਵਾਰ ਇਹ ਖੂਬਸੂਰਤ ਭਰਮ ਨੂੰ ਵੀ ਸੰਗਤਾਂ ਅੰਦਰ ਜਵਾਨ ਕਰਦੇ ਰਹੇ ਕਿ ਇਹ ਜਥੇਦਾਰ ‘ਪੁੱਤ` ਦੇ ਕਾਰਨਾਮਿਆਂ ਨੂੰ ਇਕ ਦਿਨ ਕਟਹਿਰੇ ਵਿਚ ਖੜ੍ਹਾ ਕਰਕੇ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਜਰੀ ਸਵੇਰ ਵਾਂਗੂੰ ਤਾਜ਼ਾ ਕਰਕੇ ਇਕ ਨਵਾਂ ਇਤਿਹਾਸ ਸਿਰਜੇਗਾ।
ਪਰ ਮੰਗਲਵਾਰ ਨੂੰ ਮੰਜੀ ਸਾਹਿਬ ਦੇ ਇਤਿਹਾਸਕ ਹਾਲ ਵਿਚ ਇਤਿਹਾਸ ਨੇ ਉਲਟੀ ਬਾਜ਼ੀ ਮਾਰ ਕੇ ਇਹ ਸੁਨੇਹਾ ਦਿੱਤਾ ਕਿ ਭਾਈ ਹਰਪ੍ਰੀਤ ਸਿੰਘ ‘ਓਸ ਹਾਕਮ` ਦੀ ਨਿਸ਼ਾਨਦੇਹੀ ਨਹੀਂ ਕਰਨਗੇ ਜਿਸ ਨੇ ਗੁਰੂ ਦੇ ਸ਼ਬਦ ਪੜ੍ਹਦੀ ਸੰਗਤ ‘ਤੇ ਗੋਲੀ ਚਲਾਉਣ ਦਾ ਹੁਕਮ ਜਾਰੀ ਕੀਤਾ ਸੀ।
ਜਥੇਦਾਰ ਸਾਹਿਬ ਨੇ ਜਿਸ ਸੰਸਥਾ ਨੂੰ ਹੁਣ ਪੁੱਤ ਦੇ ਰੁਤਬੇ ਨਾਲ ਨਿਵਾਜਿਆ ਹੈ, ਕੀ ਉਹ ਨਹੀਂ ਜਾਣਦੇ ਕਿ ਇਤਿਹਾਸ ਦੇ ਇਕ ਦੌਰ ਵਿਚ ਉਹ ਸੰਸਥਾ ਪੁੱਤ ਦੀ ਥਾਂ ‘ਪਿਓ` ਬਣ ਗਈ ਸੀ। ਆਪੂੰ ਬਣੇ ‘ਇਸ ਪਿਓ` ਨੇ ਹੀ ਤਾਂ ਸਿਰਸੇ ਦੇ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਲਈ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਵਿਖੇ ਆਪਣੀ ਕੋਠੀ ਵਿਚ ਤਲਬ ਕੀਤਾ ਸੀ। ਇਹ ਸੱਚ ਇਕ ਸਿੰਘ ਸਾਹਿਬ ਗੁਰਮੁੱਖ ਸਿੰਘ ਨੇ ਖੁਦ ਚੰਡੀਗੜ੍ਹ ਸਥਿਤ ਮੇਰੇ ਘਰ ਵਿਚ ਆ ਕੇ ਬਿਆਨ ਕੀਤਾ ਸੀ।
ਇਹ ਗੱਲ ਵੀ ਸਾਰਾ ਜੱਗ ਜਾਣਦਾ ਹੈ ਕਿ ਪੰਥ ਦੇ ਖਜ਼ਾਨੇ ਵਿਚੋਂ ਇਕ ਕਰੋੜ ਰੁਪਇਆ ਖਰਚ ਕਰਕੇ ਇਹ ਮੁਆਫੀ ਦਿਵਾਈ ਗਈ। ਕੀ ਉਸ ਦੌਰ ਦੀ ਜਾਂਚ ਦਾ ਜ਼ਿਕਰ ਸਥਾਪਨਾ ਦਿਵਸ `ਤੇ ਨਹੀਂ ਸੀ ਹੋਣਾ ਚਾਹੀਦਾ? ਕੀ ਉਹ ਇਸ ਬਦਨਾਮ ਹਕੀਕਤ ਤੋਂ ਅਣਜਾਣ ਹਨ ਕਿ ਸਭ ਜਥੇਦਾਰ ਇਸ ‘ਪਿਓ` ਦੇ ਲਿਫਾਫੇ ਵਿਚੋਂ ਨਿਕਲ ਕੇ ਸ਼੍ਰੋਮਣੀ ਕਮੇਟੀ ਤੱਕ ਪਹੁੰਚਦੇ ਹਨ ਅਤੇ ਫਿਰ ਅਮਲ ਵਿਚ ਉਤਰਦੇ ਹਨ।
100 ਸਾਲਾਂ ਦੇ ਇਨ੍ਹਾਂ ਜਸ਼ਨਾਂ ਵਿਚ ਉਨ੍ਹਾਂ ਉਦਾਸ ਸ਼ਾਮਾਂ ਦਾ ਜ਼ਿਕਰ ਕਰਨ ਲਈ ਸਿੰਘ ਸਾਹਿਬ ਸੰਜੀਦਾ ਅਤੇ ਨਿਰਪੱਖ ਧਾਰਮਿਕ ਹਸਤੀਆਂ ਦੇ ਆਧਾਰ `ਤੇ ਕੋਈ ਕਮਿਸ਼ਨ ਕਾਇਮ ਕਰਨ ਦਾ ਐਲਾਨ ਕਰ ਸਕਦੇ ਸਨ, ਪਰ ਮੰਗਲਵਾਰ ਨੂੰ ਉਹ ਨੁਕਤਾ-ਨਜ਼ਰ ਹੀ ਗਾਇਬ ਹੋ ਗਿਆ। ਹੁਣ ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਰੋਸ ਪ੍ਰਗਟ ਕਰਨ ਵਾਲਿਆਂ ਨੂੰ ‘ਸਬਕ` ਸਿਖਾਉਣ ਲਈ ਸਿੰਘ ਸਾਹਿਬ ‘ਪੁੱਤ` (ਸ਼੍ਰੋਮਣੀ ਅਕਾਲੀ ਦਲ) ਨੂੰ ਆਵਾਜ਼ਾਂ ਮਾਰ ਰਹੇ ਹਨ।
ਕੀ ਇਹ ਇੱਛਾ, ਰੀਝ ਅਤੇ ਤਮੰਨਾ ਖਾਨਾਜੰਗੀ ਵੱਲ ਲੈ ਕੇ ਨਹੀਂ ਜਾਏਗੀ? ਜਦਕਿ ਦੁਨੀਆਂ ਜਾਣਦੀ ਹੈ ਕਿ ਹਾਲ ਵਿਚ ਹੀ ਪੁੱਤ ਦੀਆਂ ਟੁੱਟੀਆਂ ਸਾਂਝਾਂ ਜਿਸ ਧਿਰ ਨਾਲ ਕਈ ਸਾਲ ‘ਪਤਨੀ` ਬਣ ਕੇ ਰਹੀਆਂ ਹਨ, ਉਸ ਧਿਰ ਦਾ ਸਿੱਖ ਤੇ ਸਿੱਖੀ ਨੂੰ ਖਤਮ ਕਰਨ ਲਈ ਕੀ ਰੋਲ ਰਿਹਾ ਹੈ?
ਸ੍ਰੀ ਅਕਾਲ ਤਖਤ ਸਾਹਿਬ ਹੋਰਨਾਂ ਇਲਾਹੀ ਬਰਕਤਾਂ ਅਤੇ ਤਾਕਤਾਂ ਦੇ ਨਾਲ-ਨਾਲ ਦੁਨਿਆਵੀ ਅਤੇ ਰੂਹਾਨੀ ਡਿਪਲੋਮੇਸੀ ਦਾ ਪਵਿੱਤਰ ਮਰਕਜ਼ ਵੀ ਹੈ, ਖਾਲਸਾ ਪੰਥ ਦਾ ਸਰਸਬਜ਼ ਚਸ਼ਮਾ ਹੈ, ਪਰ ਸਾਡੇ ਇਸ ਜਥੇਦਾਰ ਨੇ ਈ.ਵੀ.ਐਮ. ਮਸ਼ੀਨਾਂ ਬਾਰੇ ਜੋ ਟਿੱਪਣੀ ਕੀਤੀ ਹੈ, ਉਹ ਉਸ ਨੀਵੇਂ ਤੇ ਹਲਕੇ ਦਰਜੇ ਦੀ ਸਿਆਸਤ ਦਾ ਹਿੱਸਾ ਬਣ ਗਈ ਹੈ, ਜਿਸ ਵਿਚ ਰਾਜਸੀ ਪਾਰਟੀਆਂ ਅਕਸਰ ਹੀ ਇਕ ਦੂਜੇ `ਤੇ ਇਲਜ਼ਾਮ ਤਰਾਸ਼ੀ ਕਰਦੀਆਂ ਰਹਿੰਦੀਆਂ ਹਨ।
ਜਥੇਦਾਰ ਸਾਹਿਬ ਲਾਪਤਾ ਸਰੂਪਾਂ ਲਈ ਤਾਂ ਸਬੂਤ ਮੰਗਦੇ ਹਨ ਪਰ ਕੀ ਈਵੀਐਮ ਮਸ਼ੀਨਾਂ ਵਿੱਚ ਹੇਰਾ ਫੇਰੀ ਦੇ ਸਬੂਤ ਉਨ੍ਹਾਂ ਨੂੰ ਮਿਲ ਗਏ ਹਨ। ਕੀ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਕਰਦਿਆਂ ਅਸਿੱਧੇ ਤੌਰ `ਤੇ ਹੁਣ ਇਹ ਇਸ਼ਾਰਾ ਕਰ ਰਹੇ ਹਨ ਕਿ ਇਸ ਪਾਰਟੀ ਨੂੰ ਵੀ ਈ.ਵੀ.ਐਮ. ਮਸ਼ੀਨਾਂ ਦੀ ਹੇਰਾਫੇਰੀ ਕਰਕੇ ਹੀ ਅਸੈਂਬਲੀ ਚੋਣਾਂ ਵਿਚ ਵੱਡੀ ਅਤੇ ਇਤਿਹਾਸਕ ਹਾਰ ਦੀ ਨਮੋਸ਼ੀ ਝਲਣੀ ਪਈ?
ਸਿੱਖ ਕੌਮ ਤੇ ਹੋਰ ਘੱਟ ਗਿਣਤੀਆਂ ਦੀ ਹੋਣ ਵਾਲੀ ਸਭਿਆਚਾਰਕ ਨਸਲਕੁਸ਼ੀ (cultural genocide)ਬਾਰੇ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਕੀਤੀਆਂ ਜਾ ਰਹੀਆਂ ਗੁਪਤ ਅਤੇ ਪ੍ਰਤੱਖ ਸਾਜਿਸ਼ਾਂ ਅਤੇ ਤਿਆਰੀਆਂ ਵੱਲ ਜੇ ਉਹ ਰਤਾ ਵੀ ਧਿਆਨ ਦਿਵਾਉਂਦੇ ਜਾਂ ਇਸ਼ਾਰਾ ਮਾਤਰ ਹੀ ਕਰਦੇ ਤਾਂ ਪੰਥ ਨੂੰ ਇਹ ਸਪੱਸ਼ਟ ਹੋ ਜਾਣਾ ਸੀ ਕਿ ਇਸ ਜਥੇਦਾਰ ਨੂੰ ਅਕਾਲ ਤਖਤ ਦੇ ਸਿਰਜਣਹਾਰ ਗੁਰੂ ਹਰਗੋਬਿੰਦ ਸਾਹਿਬ ਦੀ ਅਸੀਸ ਅਤੇ ਬਖਸ਼ੀਸ਼ ਹਾਸਲ ਹੈ।
ਵੈਸੇ ਸਿੱਖ ਇਤਿਹਾਸ ਅਜੇ ਵੀ ਉਸ ਜਥੇਦਾਰ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਦੀ ਯਾਦਾਂ ਵਿਚ ਅਕਾਲੀ ਫੂਲਾ ਸਿੰਘ ਅੰਮ੍ਰਿਤ ਵੇਲੇ ਦੀ ਪਵਿੱਤਰ ਸਵੇਰ ਵਾਂਗ ਜਿਉਂਦੇ ਤੇ ਜਾਗਦੇ ਹਨ।
ਜਥੇਦਾਰ ਸਾਹਿਬ ਨੂੰ ਆਪਣੀ ਤਕਰੀਰ ਦਾ ਮੁੜ ਰਿਵਿਊ ਕਰਨ ਦੀ ਇਤਿਹਾਸਕ ਲੋੜ ਹੈ। ਉਨ੍ਹਾਂ ਨੂੰ ਆਪਣੇ ਦੋਸਤਾਂ, ਹਮਦਰਦਾਂ, ਨਜ਼ਦੀਕੀਆਂ ਤੇ ਨਿਰਪੱਖ ਹਸਤੀਆਂ ਕੋਲੋਂ ਵੀ ਆਪਣੇ ਭਾਸ਼ਣ ਬਾਰੇ ਫੀਡਬੈਕ ਲੈਣੀ ਚਾਹੀਦੀ ਹੈ, ਕਿਉਂਕਿ ਇਹ ਤਕਰੀਰ ਕਿਸੇ ਵੀ ਤਰ੍ਹਾਂ ਉਨ੍ਹਾਂ ਪੁਜੀਸ਼ਨਾਂ ਅਤੇ ਇਰਾਦਿਆਂ ਨਾਲ ਮੇਲ ਨਹੀਂ ਖਾਂਦੀ, ਜੋ ਉਹ ਅਹੁਦਾ ਸੰਭਾਲਣ ਦੇ ਸਮੇਂ ਤੋਂ ਹੁਣ ਤੱਕ ਪ੍ਰਗਟ ਕਰਦੇ ਰਹੇ ਹਨ। ਇਤਿਹਾਸ ਉਨ੍ਹਾਂ ਪਲਾਂ ਦਾ ਇੰਤਜ਼ਾਰ ਕਰ ਰਿਹਾ ਹੈ।
ਬੀਤੇ ਮੰਗਲਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੇ ਜਸ਼ਨਾਂ ਦੇ ਮੌਕੇ ਜੋ ਭਾਸ਼ਣ ਦਿੱਤਾ ਗਿਆ ਅਤੇ ਜਿਵੇਂ ਇਸ ਭਾਸ਼ਣ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸ਼੍ਰੋਮਣੀ ਕਮੇਟੀ ਦਾ ਪੁੱਤ ਕਰਾਰ ਦੇ ਕੇ ਇਕ ਤਰ੍ਹਾਂ ਨਾਲ ਬਾਦਲ ਖੇਮੇ ਦੀ ਭਰਪੂਰ ਮਹਿਮਾ ਕੀਤੀ, ਉਸ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੱਤਾ।
ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਅਚਾਨਕ ਦਿੱਤੇ ਇਸ ਸਦਮੇ ਵਿੱਚੋਂ ਬਾਹਰ ਕਿਵੇਂ ਨਿਕਲਣ, ਕਿਉਂਕਿ ਐਕਟਿੰਗ ਜਥੇਦਾਰ ਦਾ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਨੇ ਬਿਆਨਾਂ ਤੇ ਅਮਲਾਂ ਰਾਹੀਂ ਆਪਣੀ ਆਜ਼ਾਦ ਦਿੱਖ ਬਣਾ ਕੇ ਇਹ ਪ੍ਰਭਾਵ ਲਗਪਗ ਸਥਾਪਤ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਇਹ ਆਜ਼ਾਦ ਸੋਚ ਆਦਿ ਤੋਂ ਅੰਤ ਤੱਕ ਕਾਇਮ ਰਹੇਗੀ ਅਤੇ ਕੁਝ ਨੇੜਲੇ ਦੋਸਤਾਂ ਨੂੰ ਤਾਂ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਨ੍ਹਾਂ ਉੱਤੇ ਬਾਦਲਾਂ ਨੇ ਕੋਈ ਗਲਤ ਗੱਲ ਕਰਨ ਲਈ ਦਬਾਅ ਪਾਇਆ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਘਰ ਬੈਠਣਾ ਵਧੇਰੇ ਪਸੰਦ ਕਰਨਗੇ।
ਪਰ ਮੰਗਲਵਾਰ ਨੂੰ ਉਨ੍ਹਾਂ ਨੇ ਅਚਾਨਕ ਭਾਸ਼ਣ ਵਿੱਚ ਜੋ ਰੁਖ਼ ਅਖਤਿਆਰ ਕੀਤਾ ਉਸ ਨੂੰ ਕੁਝ ਹਲਕਿਆਂ ਵਿੱਚ ਯੂ ਟਰਨ , ਉਲਟਬਾਜ਼ੀ ਜਾਂ ਅਰਸ਼ ਤੋਂ ਫਰਸ਼ ਵੱਲ ਡਿੱਗਣਾ ਕਰਾਰ ਦਿੱਤਾ ਹੈ। ਹਾਲ ਵਿਚ ਵੱਖ ਵੱਖ ਪੱਤਰਕਾਰਾਂ, ਇਤਿਹਾਸਕਾਰਾਂ ਲੇਖਕਾਂ ਅਤੇ ਵਿਦਵਾਨਾਂ ਵੱਲੋਂ ਕੋਈ ਵੀ ਟਿੱਪਣੀ ਜਦੋਂ ਇਸ ਵਰਤਾਰੇ ਬਾਰੇ ਮੇਰੇ ਵਲੋਂ ਮੰਗੀ ਗਈ ਤਾਂ ਉਨ੍ਹਾਂ ਨੇ ਇਹੋ ਕਿਹਾ ਕਿ ਹਾਲ ਦੀ ਘੜੀ ਇੰਤਜ਼ਾਰ ਕੀਤਾ ਜਾਵੇ। ਉਹ ਸਾਰੇ ਇਕਦਮ ਕਾਹਲ ਵਿਚ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਸਨ ਅਤੇ “ਦੇਖੋ ਤੇ ਉਡੀਕ ਕਰੋ” (wait and watch) ਦੀ ਰਣਨੀਤੀ ਅਖਤਿਆਰ ਕਰ ਰਹੇ ਸਨ।
ਇਸ ਪੱਤਰਕਾਰ ਨੇ ਤਿੰਨ ਸਿੱਖ ਇਤਿਹਾਸਕਾਰਾਂ – ਡਾ. ਗੁਰਦਰਸ਼ਨ ਸਿੰਘ ਢਿੱਲੋਂ, ਡਾ. ਸੁਖਦਿਆਲ ਸਿੰਘ ਤੇ ਡਾ. ਪ੍ਰਿਥੀਪਾਲ ਸਿੰਘ ਕਪੂਰ ਨਾਲ ਸੰਪਰਕ ਕਰਕੇ ਅਚਾਨਕ ਵਾਪਰੀ ਇਸ ਘਟਨਾ ਬਾਰੇ ਟਿੱਪਣੀਆਂ ਹਾਸਲ ਕੀਤੀਆਂ ਹਨ। ਦਿਲਚਸਪ ਹਕੀਕਤ ਇਹ ਹੈ ਕਿ ਤਿੰਨੇ ਇਤਿਹਾਸਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਬਾਰੇ ਸਾਂਝੀ ਟਿੱਪਣੀ ਕਰਦਿਆਂ ਅੰਗਰੇਜ਼ੀ ਦਾ ਲਫ਼ਜ਼” ਡੈਲੀਬ੍ਰੇਟ” ਵਰਤਿਆ ਜਿਸ ਦਾ ਮਤਲਬ ਹੈ ਕਿ ਇਹ ਭਾਸ਼ਣ ਸੋਚੀ ਸਮਝੀ ਸਕੀਮ ਮੁਤਾਬਕ ਜਾਂ ਜਾਣ ਬੁੱਝ ਕੇ ਕੀਤੀ ਗਈ ਇਕ ਘਟਨਾ ਸੀ।
ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਤਾਂ ਬਕਾਇਦਾ ਇੱਕ ਚੈਨਲ ਨੂੰ ਲੰਮੀ ਇੰਟਰਵਿਊ ਦੇ ਕੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਨੂੰ ਅਨਪੜ੍ਹਾਂ ਵਾਲੀ ਤਕਰੀਰ, ਬਿਨਾਂ ਤਿਆਰੀ ਤੋਂ ਕੀਤਾ ਭਾਸ਼ਨ ਅਤੇ ਗ਼ੈਰ ਜ਼ਿੰਮੇਵਾਰਾਨਾ ਭਾਸ਼ਣ ਕਰਾਰ ਦਿੱਤਾ ਅਤੇ ਮੇਰੇ ਕਈ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਸੰਖੇਪ ਵਿੱਚ ਕਿਹਾ ਕਿ ਇਹ ਜਥੇਦਾਰ ਨੂੰ ਪਤਾ ਹੀ ਨਹੀਂ ਕਿ ਸੌ ਸਾਲਾਂ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸੰਸਥਾ ਦੇ ਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਬਾਬਾ ਖੜਕ ਸਿੰਘ ਪੰਜ ਸਾਲ ਇਸ ਦੇ ਪ੍ਰਧਾਨ ਰਹੇ ਜਦ ਕਿ ਮਾਸਟਰ ਤਾਰਾ ਸਿੰਘ ਅਠਾਰਾਂ ਸਾਲ ਤਕ ਇਸ ਸੰਸਥਾ ਦੇ ਪ੍ਰਧਾਨ ਰਹੇ। ਇੱਥੋਂ ਤਕ ਉਹ ਗੁਰੂ ਘਰ ਦੀ ਸਿਆਹੀ ਵੀ ਨਹੀਂ ਸੀ ਵਰਤਦੇ। ਕਈਆਂ ਦੇ ਕਹਿਣ ਤੇ ਇਕ ਕਾਰ ਉਨਾਂ ਵਾਸਤੇ ਲਈ ਗਈ ਅਤੇ ਜਦੋਂ ਕਿਸੇ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਨੇ ਕਾਰ ਮੰਗੀ ਤਾਂ ਉਨ੍ਹਾਂ ਨੇ ਹੁਕਮ ਜਾਰੀ ਕੀਤਾ ਕਿ ਇਹ ਕਾਰ ਤੁਰਤ ਵਿਕ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦੀ ਦੁਰਵਰਤੋਂ ਦੀ ਮੈਂ ਇਜਾਜ਼ਤ ਨਹੀਂ ਦੇ ਸਕਦਾ।
ਪਰ ਹੁਣ ਸ਼੍ਰੋਮਣੀ ਕਮੇਟੀ ਵਿੱਚ 16 ਸੈਕਟਰੀ ਹਨ। ਦਰਜਨਾਂ ਮੀਤ ਸਕੱਤਰ ਹਨ। ਹਰ ਕੋਲ ਕਾਰ ਹੈ। ਬਗੈਰ ਸਿਫ਼ਾਰਿਸ਼ ਤੋਂ ਮੁਲਾਜ਼ਮ ਨਹੀਂ ਰੱਖੇ ਜਾਂਦੇ। ਦੋ ਸੌ ਪ੍ਰਚਾਰਕ ਹਨ । ਪਰ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਕਦੇ ਕੋਈ ਵਿਸ਼ਲੇਸ਼ਣ ਸੁਣਿਆ ਨਹੀਂ।
ਡਾਕਟਰ ਸੁਖਦਿਆਲ ਸਿੰਘ ਨੇ ਬੰਦਾ ਸਿੰਘ ਬਹਾਦਰ ਬਾਰੇ, ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਬਾਰੇ, ਅਤੇ ਅਕਾਲ ਤਖ਼ਤ ਸਾਹਿਬ ਬਾਰੇ ਕਿਤਾਬਾਂ ਲਿਖੀਆਂ ਹਨ। ਉਹ ਜਥੇਦਾਰ ਸਾਹਿਬ ਦੇ ਭਾਸ਼ਣ ਵਿਚ ਕੀਤੀਆਂ ਗੱਲਾਂ ਬਾਰੇ ਡੂੰਘੇ ਰੋਸ ਵਿੱਚ ਸਨ। ਇਹ ਦਿਲਚਸਪ ਟਿੱਪਣੀ ਸੁਣੋ: ਇਹ ਭਾਸ਼ਣ ਬਿਲਕੁਲ ਸੋਚਿਆ, ਸਮਝਿਆ, ਦੱਸਿਆ ਤੇ ਸਮਝਾਇਆ ਗਿਆ ਭਾਸ਼ਨ ਸੀ ।
ਅਕਾਲੀ ਦਲ ਬਾਦਲ ਦੀ ਜਥੇਦਾਰ ਸਾਹਿਬ ਪ੍ਰਤੀ ਅਪਣਾਏ ਗਏ ਰਵੱਈਏ ਬਾਰੇ ਵੀ ਡਾ. ਸੁਖਦਿਆਲ ਸਿੰਘ ਦੀ ਟਿੱਪਣੀ ਸੁਣੋ :
ਮੁੱਢ ਤੋਂ ਹੀ ਬਾਦਲਾਂ ਦੀ ਇਹ ਨੀਤੀ ਸੀ ਕਿ “ਪਹਿਲਾਂ ਇਹ ਜਥੇਦਾਰ ਪੱਕੀ ਤਰ੍ਹਾਂ ਸਥਾਪਤ ਹੋ ਜਾਵੇ ਅਤੇ ਫਿਰ ਸਾਨੂੰ ਬਚਾਵੇ।ਹੁਣ ਇਹੋ ਹੋਇਆ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਬਿਨਾਂ ਦੱਸੇ ਅਤੇ ਭਾਵੇਂ ਵਿਸ਼ਵਾਸ ਵਿੱਚ ਲੈ ਕੇ ਅਕਾਲੀ ਦਲ ਨੇ ਜਥੇਦਾਰ ਨੂੰ ਇਸ ਰਾਹ ਉਤੇ ਹੁਣ ਪਾ ਦਿੱਤਾ ਹੈ।
ਡਾਕਟਰ ਸੁਖਦਿਆਲ ਸਿੰਘ ਨੇ ਮੌਜੂਦਾ ਸਥਿਤੀ ਨੂੰ ਘੋਰ ਗਿਰਾਵਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਰਪਾਲ ਸਿੰਘ ਬਡੂੰਗਰ ਨੇ ਇਸ ਜਥੇਦਾਰ ਨੂੰ ਗੁਰੂ ਗੋਬਿੰਦ ਸਿੰਘ ਭਵਨ ਵਿੱਚੋਂ ਲਿਆਂਦਾ ਜਿੱਥੇ ਉਹ ਰਿਸਰਚ ਸਕਾਲਰ ਸੀ ਤੇ ਦਮਦਮਾ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਅਤੇ ਫਿਰ ਐਕਟਿੰਗ ਜਥੇਦਾਰ ਬਣਾ ਕੇ ਤਨਖ਼ਾਹ ਗੱਡੀਆਂ ਤੇ ਗੰਨਮੈਨ ਦਵਾ ਦਿੱਤੇ।
ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਦੀ ਦਰਬਾਰ ਸਾਹਿਬ ਦੇ ਉੱਨੀ ਸੌ ਚੁਰਾਸੀ ਘੱਲੂਘਾਰੇ ਬਾਰੇ ਲਿਖੀ ਕਿਤਾਬ “ਇੰਡੀਆ ਕੁਮਿਟਸ ਸੂਏਸਾਈਡ” ਅੰਤਰਰਾਸ਼ਟਰੀ ਵਿਦਵਾਨਾਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ, ਉਹ ਵੀ ਜਥੇਦਾਰ ਦੇ ਭਾਸ਼ਣ ਬਾਰੇ ਬਹੁਤ ਹੈਰਾਨ ਸਨ।
ਉਨ੍ਹਾਂ ਕਿਹਾ ਕਿ ਸੌ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਜਥੇਦਾਰ ਨੂੰ ਕੋਈ ਅਕਾਦਮਿਕ ਭਾਸ਼ਣ ਦੇਣਾ ਚਾਹੀਦਾ ਸੀ ਕਿਉਂਕਿ ਮੁੱਢਲੇ ਸਾਲਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮੱਤਾ ਹੈ ਜਦੋਂ ਗੁਰਦੁਆਰਿਆਂ ਵਿਚ ਕਾਬਜ਼ ਮਹੰਤਾਂ, ਪੁਜਾਰੀਆਂ ,ਨਿਰਮਲਿਆਂ ਤੇ ਉਦਾਸੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਤੇ ਰਵਾਇਤਾਂ ਨੂੰ ਬਹਾਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਫਿਰ ਨਵੇਂ ਮਹੰਤ ਗੁਰੂ ਘਰਾਂ ਉੱਤੇ ਕਾਬਜ਼ ਹੋ ਗਏ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਕਈ ਲੀਡਰ ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹੈ, ਗੁਰਦੁਆਰਿਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਟਰੱਸਟ ਬਣਾ ਕੇ ਆਪ ਕਾਬਜ਼ ਹੋ ਗਏ ਹਨ। ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਜਾਣਕਾਰੀ ਨਹੀ?
ਉਨ੍ਹਾਂ ਇਹ ਵੀ ਇੰਕਸ਼ਾਫ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਤਾਂ ਇਕ ਫੈਸਲੇ ਵਿਚ ਉਦਾਸੀ ਤੇ ਨਿਰਮਲਿਆਂ ਬਾਰੇ ਕਿਹਾ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਮੁਤਾਬਿਕ ਸਿੱਖ ਹੀ ਨਹੀਂ ਹਨ।
ਇਹ ਵੀ ਪੜ੍ਹੋ:
ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ?
ਸੁਆਲ ਅਕਾਲ ਤਖ਼ਤ ਦੀ ਸੁਤੰਤਰ ਹੋਂਦ ਦਾ
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today TV : All right Reserve 2016 - 2024 |