ਗੁਰਨਾਮ ਟੋਰਾਂਟੋ ਦਾ ਰਹਿਣ ਵਾਲਾ ਉੱਘਾ ਟਰਾਂਸਪੋਰਟਰ ਸੀ। ਖਾਣ ਪੀਣ ਦਾ ਸ਼ੌਕੀਨ ਗੁਰਨਾਮ ਯਾਰਾਂ ਦੀ ਮਹਿਫਲ ਵਿੱਚ ਬੈਠ ਕੇ ਸ਼ਰਾਬ ਅਤੇ ਮੀਟ ਮੱਛੀ ਦੀਆਂ ਧੱਜੀਆਂ ਉਡਾ ਦਿੰਦਾ ਸੀ।
ਕੈਨੇਡਾ ਵਿੱਚ ਟਰੱਕਾਂ ਵਾਲਿਆਂ ਨੂੰ ਸਫਰ ਦੌਰਾਨ ਵੈਸੇ ਵੀ ਬਹੁਤੀ ਵਾਰ ਬਾਹਰ ਰੈਸਟੋਰੈਂਟਾਂ ਹੋਟਲਾਂ ‘ਚ ਤਾਂ ਪੀਜ਼ਾ ਬਰਗਰ ਆਦਿ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।
ਕਸਰਤ ਦਾ ਨਾ ਤਾਂ ਗੁਰਨਾਮ ਨੂੰ ਕੋਈ ਬਹੁਤਾ ਸ਼ੋਂਕ ਸੀ ਤੇ ਨਾ ਹੀ ਉਸ ਕੋਲ ਟਾਈਮ। ਹੋਲੀ ਹੋਲੀ ਮਾੜੀਆਂ ਆਦਤਾਂ ਦਿਲ ‘ਤੇ ਆਪਣਾ ਅਸਰ ਦਿਖਾਉਣ ਲੱਗ ਪਈਆਂ। ਨਾੜੀਆਂ ਵਿੱਚ ਫੈਟ ਜੰਮ ਜਾਣ ਕਾਰਨ ਦਿਲ ਦੇ ਵਾਲਵ ਬੰਦ ਹੋ ਗਏ ਤੇ ਓਪਨ ਹਾਰਟ ਸਰਜਰੀ ਕਰਾਉਣੀ ਪੈ ਗਈ। ਦੋ ਚਾਰ ਮਹੀਨੇ ਅਰਾਮ ਕਰ ਕੇ ਹੋਲੀ ਹੋਲੀ ਉਹ ਤੁਰਨ ਫਿਰਨ ਜੋਗਾ ਹੋ ਗਿਆ। ਵਿਹਲੇ ਪਏ ਨੇ ਸੋਚਿਆ ਕਿ ਅਜੇ ਭਾਰਾ ਕੰਮ ਤਾਂ ਹੁੰਦਾ ਨਹੀ, ਚਲੋ ਪੰਜਾਬ ਵੱਲ ਹੀ ਗੇੜਾ ਮਾਰ ਆਈਏ।
ਜਦ ਉਸ ਨੇ ਆਪਣਾ ਵਿਚਾਰ ਪਤਨੀ ਨਾਲ ਸਾਂਝਾ ਕੀਤਾ ਤਾਂ ਉਹ ਅੱਗੋਂ ਟੁੱਟ ਕੇ ਪਈ, ਕੁਝ ਤਾਂ ਸ਼ਰਮ ਹਯਾ ਕਰ, ਛੋਟੇ ਛੋਟੇ ਬੱਚੇ ਆ। ਪਹਿਲਾਂ ਹੀ ਅਗਲੇ ਜਹਾਨ ਨੂੰ ਹੱਥ ਲਾ ਕੇ ਮੁੜਿਆ ਆਂ। ਮੈਨੂੰ ਪਤਾ ਪੰਜਾਬ ਜਾ ਕੇ ਤੂੰ ਕਿਹੜੀ ਕੜ੍ਹੀ ਘੱਲਣੀ ਆ, ਨਾ ਤੂੰ ਖਾਣ ਲੱਗੇ ਨੇ ਸੋਚਣਾ ਆ ਤੇ ਨਾ ਪੀਣ ਲੱਗੇ ਨੇ।
ਪਰ ਗੁਰਨਾਮ ਨਾ ਮੰਨਿਆ, ਉਸ ਦੇ ਦਿਲ ‘ਤੇ ਵਤਨ ਸੇ ਚਿੱਠੀ ਆਈ ਹੈ ਗਾਣੇ ਨੇ ਗਹਿਰਾ ਅਸਰ ਕੀਤਾ ਹੋਇਆ ਸੀ।
ਅਖੀਰ ਉਸ ਦੀ ਜ਼ਿਦ ਅੱਗੇ ਹਾਰ ਕੇ ਪਤਨੀ ਨੂੰ ਹਥਿਆਰ ਸੁੱਟਣੇ ਹੀ ਪਏ, ਉਹ ਡੁਸਕਦੀ ਹੋਈ ਬੋਲੀ, ਚੱਲ ਠੀਕ ਆ, ਤੂੰ ਤਾਂ ਹੁਣ ਵਾਪਸ ਆਉਂਦਾ ਨਹੀਂ ਦੀਹਦਾ ਜਿਉਂਦਾ ਜਾਗਦਾ। ਪਰ ਜਾਣ ਤੋਂ ਪਹਿਲਾਂ ਇੱਕ ਤਾਂ ਸਾਰੀਆਂ ਬੀਮਾ ਪਾਲਸੀਆਂ ਮੈਨੂੰ ਫੜਾ ਦੇ ਤੇ ਨਾਲੇ ਕੁੱਲ ਜਾਇਦਾਦ ਦੀ ਅਟਾਰਨੀ ਮੇਰੇ ਨਾਮ ‘ਤੇ ਕਰ ਦੇ। ਜੇ ਕੋਈ ਭਾਣਾ ਵਾਪਰ ਗਿਆ, ਮੈਂ ਬੱਚਿਆਂ ਨੂੰ ਤਾਂ ਪਾਲ ਲਉਂਗੀ।
ਗੁਰਨਾਮ ਨੇ ਸ਼ੁਕਰ ਮਨਾਇਆ ਤੇ ਪਤਨੀ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਇੰਡੀਅਨ ਏਅਰ ਲਾਈਨਜ਼ ਦੀ ਸਿੱਧੀ ਫਲਾਈਟ ਰਾਹੀਂ 14 ਘੰਟਿਆਂ ਵਿੱਚ ਦਿੱਲੀ ਆਣ ਉਤਰਿਆ।
ਅੱਗੇ ਏਅਰਪੋਰਟ ਦੇ ਬਾਹਰ ਉਸ ਦਾ ਛੋਟਾ ਭਰਾ ਚੰਨਾ ਇਨੋਵਾ ਲਈ ਉਡੀਕ ਕਰ ਰਿਹਾ ਸੀ। ਦੋਂਵੇਂ ਭਰਾ ਧਾਹ ਕੇ ਮਿਲੇ ਜਿਵੇਂ ਜਨਮਾਂ ਜਨਮਾਤਰਾਂ ਦੇ ਵਿੱਛੜੇ ਹੋਣ ਤੇ ਪਹੀਆਂ ਵਾਲੇ ਵੱਡੇ ਵੱਡੇ ਅਟੈਚੀ ਟੈਕਸੀ ਵਿੱਚ ਰੱਖ ਕੇ ਪੰਜਾਬ ਵੱਲ ਨੂੰ ਹਵਾ ਹੋ ਗਏ। ਦੋ ਕੁ ਘੰਟਿਆਂ ਬਾਅਦ ਡਰਾਈਵਰ ਨੇ ਮੂਰਥਲ, ਫੌਜੀ ਦੇ ਢਾਬੇ ‘ਤੇ ਆਣ ਬਰੇਕ ਮਾਰੀ।
ਮੂੰਹ ਹੱਥ ਧੋ ਕੇ ਚੰਨੇ ਨੇ ਦਾਲ ਮਖਣੀ ਤੇ ਆਲੂਆਂ ਦੇ ਪਰੋਂਠੇਆਂ ਦਾ ਆਰਡਰ ਛੱਡ ਦਿੱਤਾ ਤੇ ਨਾਲ ਮੱਖਣ ਦੀ ਟਿੱਕੀ। ਗੁਰਨਾਮ ਤ੍ਰਬਕ ਪਿਆ, ਓਏ ਚੰਨਿਆ ਤੂੰ ਮਾਰਨਾ ਮੈਨੂੰ? ਪਰੋਂਠੇ ਤੇ ਘਿਉ-ਮੱਖਣ ਤਾਂ ਜ਼ਹਿਰ ਨੇ ਮੇਰੇ ਲਈ। ਮੈਨੂੰ ਤਾਂ ਕੋਈ ਉਬਲੀ ਚੀਜ ਮੰਗਾ ਦੇ ਜਾਂ ਫਿੱਕੀ ਚਾਹ ਨਾਲ ਬਿਸਕੁਟਾਂ ਦਾ ਪੈਕਟ ਦੇ ਦੇ।
ਚੰਨੇ ਨੇ ਸਵੇਰੇ ਹੀ ਕਾਂ ਦੇ ਸਿਰ ਜਿੰਨੀ ਡੁੰਗੀ ਹੋਈ ਸੀ, ਓਏ ਛੱਡਿਆ ਕਰ ਵੱਡੇ ਭਾਈ। ਇਹ ਸਾਲੇ ਡਾਕਟਰਾਂ ਨੂੰ ਸਵਾਹ ਪਤਾ ਕੀ ਖਾਣਾ ਤੇ ਕੀ ਪੀਣਾ? ਕਦੇ ਕੋਈ ਮੱਖਣ ਖਾ ਕੇ ਮਰਦਾ ਵੇਖਿਆ ਅੱਜ ਤੱਕ? ਇਹ ਚੀਜਾਂ ਤਾਂ ਸਗੋਂ ਦਿਲ ਨੂੰ ਮਜ਼ਬੂਤੀ ਦਿੰਦਿਆਂ ਨੇ। ਚੱਲ ਸ਼ੇਰ ਬਣ ਕੇ ਇੱਕ ਪਰਾਂਠਾ ਖਾ ਲੈ, ਨਖਰੇ ਨਾ ਕਰ ਬਹੁਤੇ।
ਗੁਰਨਾਮ ਨੇ ਸੋਚਿਆ ਕਿ ਇਸ ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਉਸ ਨੇ ਚੁੱਪ ਕਰ ਕੇ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਲਈ। ਚਾਰ ਮਹੀਨਿਆਂ ਤੋਂ ਉਬਲੀਆਂ ਸਬਜ਼ੀਆਂ ਖਾ ਕੇ ਅੱਕੇ ਪਏ ਗੈਰੀ ਨੂੰ ਕੜਕ ਕਰਾਰੇ ਪਰੌਂਠਿਆਂ ਦਾ ਸਵਾਦ ਅੰਮ੍ਰਿਤ ਵਰਗਾ ਲੱਗਾ। ਉਹ ਹਾਬੜਿਆਂ ਵਾਂਗ ਤਿੰਨ ਪਰੋਂਠੇ ਅਤੇ ਪਾਈਆ ਮੱਖਣ ਵਲੇਟ ਗਿਆ। ਉਸ ਨੇ ਸੋਚਿਆ, ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ਅੱਜ ਬਲੱਡ ਪ੍ਰੈਸ਼ਰ ਦੀ। ਇੱਕ ਦਿਨ ਨਾਲ ਕੀ ਹੁੰਦਾ ਆ?
ਸ਼ਾਮੀਂ ਛੇ ਕੁ ਵਜੇ ਉਹ ਪਿੰਡ ਪਹੁੰਚ ਗਏ। ਨਹਾ ਧੋਕੇ ਵਿਹਲੇ ਹੋਏ ਤਾਂ ਚੰਨਾ ਪਹਿਲੇ ਤੋੜ ਦੀ ਬੋਤਲ ਕੱਢ ਲਿਆਇਆ। ਚੰਨਿਆ ਤੂੰ ਨਹੀਂ ਛੱਡਦਾ ਅੱਜ ਮੈਨੂੰ ਜਿਊਂਦਾ। ਮੈਨੂੰ ਤਾਂ ਪਾਣੀ ਵੀ ਮਨ੍ਹਾਂ ਕੀਤਾ ਡਾਕਟਰਾਂ ਨੇ ਬਾਹਰ ਦਾ ਤੇ ਤੂੰ ਬੋਤਲ ਕੱਢੀ ਫਿਰਦੈਂ।
ਚੰਨਾ ਕੈਨੇਡੀਅਨ ਭਰਾ ਦੇ ਚਾਅ ਵਿਚ ਫੁੱਲਿਆ ਨਹੀਂ ਸੀ ਸਮਾਅ ਰਿਹਾ, ਓਏ ਮੇਰਿਆ ਭੋਲਿਆ ਵੀਰਿਆ, ਇਹ ਸ਼ਰਾਬ ਨਹੀਂ ਚੌਦਵਾਂ ਰਤਨ ਐ। ਰੋਡੂ ਸੇਠ ਦੀ ਹੱਟੀ ਦਾ ਦੇਸੀ ਗੁੜ ਤੇ ਪੰਜਾਹ ਮਸਾਲੇ ਪਾ ਕੇ ਬਣਾਈ ਆ, ਦਵਾਈ ਆ ਨਿਰੀ ਦਵਾਈ। ਨਾਲੇ ਦੇਸੀ ਮੁਰਗਾ ਵੇਖ ਲਾਲ ਕਲਗੀ ਵਾਲਾ ਕਿੰਨਾ ਸਵਾਦ ਬਣਿਆ। ਤੁਪਕਾ ਪਾਣੀ ਨਹੀਂ ਪਾਇਆ, ਸਿਰਫ ਦੇਸੀ ਘਿਉ ‘ਚ ਭੁਨਿਆ ਆ।
ਨਾਂਹ ਨੁੱਕਰ ਕਰਦਿਆਂ ਗੁਰਨਾਮ ਤੇ ਚੰਨੇ ਨੇ ਪੋਣੀ ਕੁ ਬੋਤਲ ਖਾਲੀ ਕਰ ਦਿੱਤੀ ਤੇ ਨਾਲੇ ਸਾਰਾ ਪਤੀਲਾ ਚੱਟਮ ਕਰ ਗਏ।
ਸਵੇਰੇ ਉੱਠਿਆ ਤਾਂ ਸਰੀਰ ਥੋੜ੍ਹਾ ਢਿੱਲਾ ਜਿਹਾ ਲੱਗਾ। ਅਜੇ ਮੂੰਹ ਹੱਥ ਧੋਕੇ ਵਿਹਲਾ ਹੋਇਆ ਈ ਸੀ ਕਿ ਬੇਬੇ ਨੇ ਸਾਗ ਨੂੰ ਦੇਸੀ ਘਿਉ ਦਾ ਤੜਕਾ ਲਾ ਕੇ ਮੱਕੀ ਦੀਆਂ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ। ਗੁਰਨਾਮ ਦੇ ਡੇਲੇ ਬਾਹਰ ਨੂੰ ਆ ਗਏ। ਉਸ ਨੇ ਸੋਚਿਆ ਕਲ੍ਹ ਭਰਾ ਕੋਲੋਂ ਤਾਂ ਬਚ ਗਿਆ, ਅੱਜ ਮਾਤਾ ਨਹੀਂ ਛੱਡਦੀ ਲੱਗਦੀ।
ਉਹ ਕਸਾਈ ਅੱਗੇ ਬੱਝੀ ਬੱਕਰੀ ਵਾਂਗ ਮਿਮਿਆਇਆ, ਬੇਬੇ ਮੈਂ ਇਹ ਸਭ ਨਹੀਂ ਖਾ ਸਕਦਾ। ਮੈਨੂੰ ਤਾਂ ਖੁਸ਼ਕ ਫੁਲਕਾ ਲਾਹ ਦੇ।
ਮਾਤਾ ਨੇ ਬਹੁਤ ਹੀ ਮੋਹ ਨਾਲ ਉਸ ਦੇ ਸਿਰ ‘ਤੇ ਹੱਥ ਫੇਰਿਆ, ਹਾਏ ਮੇਰਾ ਕਮਲਾ ਪੁੱਤ। ਘਿਉ ਨਾਲ ਤਾਂ ਪੁੱਤਰਾ ਨਾੜਾਂ ਸਗੋਂ ਨਰਮ ਹੁੰਦੀਆਂ ਨੇ ਤੇ ਦਿਲ ਨੂੰ ਤਾਕਤ ਮਿਲਦੀ ਆ। ਸੁਣਿਆ ਨਹੀਂ, ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ। ਖਾ ਲੈ ਮੇਰਾ ਪੁੱਤ, ਖਾ ਲੈ। ਸਿਆਣਿਆਂ ਅੱਗੇ ਬਹੁਤਾ ਨਹੀਂ ਬੋਲੀਦਾ ਹੁੰਦਾ।
ਉਹ ਗੁਰਨਾਮ ਨੂੰ ਘਿਉ ਨਾਲ ਨੁੱਚੜਦੀਆਂ ਚਾਰ ਰੋਟੀਆਂ ਤੇ ਪਾਈਆ ਮੱਖਣ ਪਾ ਕੇ ਸਾਗ ਦਾ ਬਾਟਾ ਖਵਾ ਕੇ ਹੀ ਹਟੀ।
ਹੌਲੀ ਹੌਲੀ ਗੁਰਨਾਮ ਨੂੰ ਵੀ ਤਲੀਆਂ ਤੇ ਕਰਾਰੀਆਂ ਚੀਜ਼ਾਂ ਖਾਣ ਦੀ ਆਦਤ ਪੈ ਗਈ। ਪਤਨੀ ਦੀ ਦਿੱਤੀਆਂ ਮੱਤਾਂ ਬੇਵਕੂਫੀਆਂ ਲੱਗਣ ਲੱਗ ਪਈਆਂ। ਉਹ ਰੋਜ਼ਾਨਾ ਮੀਟ, ਸ਼ਰਾਬ ਤੇ ਦੇਸੀ ਘਿਉ ਦੇ ਪਰੌਂਠਿਆਂ ਨੂੰ ਗੇੜਾ ਦੇਣ ਲੱਗਾ।
ਬੱਸ ਫਿਰ ਕੀ ਸੀ? ਵੀਹਾਂ ਕੁ ਦਿਨਾਂ ਬਾਅਦ ਹੀ ਡੱਬੇ ਵਿੱਚ ਸੀਲ ਬੰਦ ਹੋ ਕੇ ਟੋਰੰਟੋ ਪਹੁੰਚ ਗਿਆ।
ਉਸ ਦੀ ਲਾਸ਼ ਵੇਖ ਕੇ ਪਤਨੀ ਨੂੰ ਸਮਝ ਨਾ ਆਵੇ ਕਿ ਰੋਵੇ ਜਾਂ ਹੱਸੇ? ਫਿਰ ਹੌਕਾ ਜਿਹਾ ਲੈ ਕੇ ਬੋਲੀ, ਇਹ ਤਾਂ ਹੋਣਾ ਈ ਸੀ, ਮਰ ਜਾਣਾ ਖੁਦ ਈ ਲੱਕ ਨਾਲ ਮੌਤ ਬਨੀਂ ਫਿਰਦਾ ਸੀ।
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today TV : All right Reserve 2016 - 2024 |