ਕਹਿੰਦੇ ਹਨ ਕਿ ਪੁੱਤ ਕੁਪੁੱਤ ਹੋ ਜਾਂਦੇ ਹਨ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਗੱਲ ਕਹਿਣ ਨੂੰ ਹੀ ਹੈ। ਅਸਲ ਵਿੱਚ ਮਾਪੇ ਵੀ ਕੁਮਾਪੇ ਹੋ ਜਾਂਦੇ ਹਨ ਤੇ ਜੇ ਹੋ ਜਾਣ ਤਾਂ ਫਿਰ ਹੋਏ ਹੀ ਰਹਿੰਦੇ ਹਨ। ਅਰ ਜੇ ਕਿਸ ਦੇ ਮਾਪੇ ਕੁਮਾਪੇ ਹੋ ਜਾਣ ਫਿਰ ਉਹਦਾ ਰੱਬ ਹੀ ਰਾਖਾ।
ਸਾਡੇ ਘਰਾਂ ਵਿੱਚ ਪੁੱਤਰ ਨੂੰ ਦਾਤ ਸਮਝਿਆ ਜਾਂਦਾ ਤੇ ਧੀ ਨੂੰ ਨਿਰੀ ਕਰਜ਼ੇ ਦੀ ਪੰਡ। ਪੁੱਤਰ ਦੇ ਜਨਮ ਦੀ ਸੂਚਨਾ ਸ਼ੁੱਭ ਹੁੰਦੀ ਹੈ, ਪਰ ਧੀ ਦੇ ਜਨਮ ਦੀ ਖ਼ਬਰ ਸੋਗਵਾਰ। ਪੁੱਤਾਂ ਦੇ ਜਨਮ-ਦਿਨ ਜਸ਼ਨ ਹੁੰਦੇ ਹਨ ਤੇ ਸਾਡੇ ਸਦੀਵੀ ਚੇਤਿਆਂ ਵਿੱਚ ਦਰਜ ਹੋ ਜਾਂਦੇ ਹਨ।
ਧੀ ਦਾ ਜਨਮ ਤਾਂ ਹੁੰਦਾ ਹੈ, ਪਰ ਜਨਮ-ਦਿਨ ਦਾ ਦਰਜਾ ਹਾਸਲ ਨਹੀਂ ਕਰਦਾ ਤੇ ਨਾ ਹੀ ਧੀ ਦੇ ਜਨਮ-ਦਿਨ ਲਈ ਸਾਡੇ ਚੇਤਿਆਂ ਵਿੱਚ ਕੋਈ ਥਾਂ ਹੁੰਦੀ ਹੈ।
ਮੱਤ ਸਮਝੋ ਕਿ ਪੁੱਤਾਂ ਨਾਲ ਵੀ ਮਾਪੇ ਇੱਕੋ ਜਿਹਾ ਸਲੂਕ ਕਰਦੇ ਹੋਣਗੇ। ਜੇਠੇ ਤੇ ਪਲੇਠੇ ਪੁੱਤ ਦੀ ਬਾਤ ਹੀ ਕੁਝ ਹੋਰ ਹੁੰਦੀ ਹੈ। ਇਨ੍ਹਾਂ ਦੇ ਪਾਲਣ ਪੋਸ਼ਣ ਵਿੱਚ ਮਾਪੇ ਕੋਈ ਕਸਰ ਨਹੀਂ ਛੱਡਦੇ।
ਪਰ, ਸਭ ਤੋਂ ਆਖਰੀ ਤੇ ਛੋਟੇ ਪੁੱਤ ਨੂੰ ਪੇਟ-ਘਰੋੜੀ ਦਾ ਕਿਹਾ ਜਾਂਦਾ ਹੈ ਤੇ ਉਹ ਆਪੇ ਹੀ ਰੁਲ਼ ਖੁਲ਼ ਕੇ ਪਲ਼ਦਾ ਹੈ।
ਗੁਸੈਲ਼ ਮਾਪਿਆਂ ਤੋਂ ਕੁੱਟ ਦੇ ਸ਼ਿਕਾਰ ਵੀ ਛੋਟੇ ਪੁੱਤ ਵਧੇਰੇ ਹੁੰਦੇ ਹਨ, ਵੱਡੇ ਤਾਂ ਛਿੰਦੇ ਪੁੱਤ ਅਤੇ ਲਾਟ ਸਾਹਬ ਹੁੰਦੇ ਹਨ।
ਇਹ ਦੁਫਰਕੀ ਸਾਡੇ ਜੀਣ ਥੀਣ ਦਾ ਅਟੁੱਟ ਅੰਗ ਬਣੀ ਹੋਈ ਹੈ ਤੇ ਸਾਡੇ ਰਗ਼ੋਰੇਸ਼ੇ ਵਿੱਚ ਇਸਤਰਾਂ ਸਮਾਈ ਹੋਈ ਹੈ ਕਿ ਥੋੜ੍ਹੇ ਕੀਤੇ ਸਾਨੂੰ ਨਜ਼ਰ ਵੀ ਨਹੀਂ ਆਉਂਦੀ।
ਸਾਡੀ ਜ਼ਿੰਦਗੀ ਦਾ ਕੋਈ ਗੋਸ਼ਾ ਅਜਿਹਾ ਨਹੀਂ ਹੈ, ਜਿੱਥੇ ਦੁਫਰਕੀ ਨੇ ਆਪਣਾ ਸਦੀਵੀ ਘਰ ਨਾ ਬਣਾ ਲਿਆ ਹੋਵੇ।
ਛੋਟੇ ਹੁੰਦਿਆਂ ਸਕੂਲ ਵਿੱਚ ਸਾਡੇ ਕਈ ਮਾਸਟਰਾਂ ਨੂੰ ਵਿਦਿਆਰਥੀਆਂ ਦੀਆਂ ਜਾਤਾਂ ਜਾਣਨ ਦਾ ਭੁਸ ਹੁੰਦਾ ਸੀ, ਕਿਉਂਕਿ ਉਨ੍ਹਾਂ ਦੇ ਅੰਦਰ ਵੱਸੀ ਹੋਈ ਦੁਫਰਕੀ ਉਨ੍ਹਾਂ ਨੂੰ ਮਜਬੂਰ ਕਰਦੀ ਸੀ।
ਕਈ ਮਾਸਟਰ ਤਾਂ ਸਿੱਧਾ ਹੀ ਪੁੱਛ ਲੈਂਦੇ ਸਨ ਤੇ ਕਈ ਘੁਮਾ ਫਿਰਾ ਕੇ ਪੁੱਛਦੇ ਸਨ। ਦੂਸਰੀ ਕਿਸਮ ਦੇ ਮਾਸਟਰ ਪੁੱਛਦੇ ਸਨ ਕਿ ‘ਤੁਹਾਡੇ ਘਰਦੇ ਕੀ ਕਰਦੇ ਹਨ’।
ਪੈਂਤੀ ਚਾਲ਼ੀ ਵਿਦਿਆਰਥੀਆਂ ਵਿੱਚੋਂ ਕੋਈ ਦੋ ਤਿੰਨ ਅਜਿਹੇ ਹੁੰਦੇ ਸਨ, ਜੋ ਬੜੀ ਸ਼ਾਨ ਨਾਲ਼ ਦੱਸਦੇ ਸਨ ਕਿ ਉਨ੍ਹਾਂ ਦੇ ਬਾਪ ਨੌਕਰੀ ਕਰਦੇ ਹਨ।
ਕਿਸੇ ਫੌਜੀ ਦੇ ਬੱਚੇ ਤਾਂ ਬਾਹਲ਼ੇ ਫ਼ਖ਼ਰ ਨਾਲ਼ ਦੱਸਦੇ ਸਨ ‘ਫੌਜੀ ਜੀ’। ਕਈ ਵਿਦਿਆਰਥੀ ਬੜੇ ਅਰਾਮ ਨਾਲ਼ ਕਹਿ ਦਿੰਦੇ ਸਨ ‘ਜੀ ਖੇਤੀ-ਬਾੜੀ ਜੀ’।
ਬਹੁਤੇ ਵਿਦਿਆਰਥੀ ਅਜਿਹੇ ਸਨ, ਜਿਨ੍ਹਾਂ ਦੇ ਜਵਾਬ ਅਲੱਗ ਅਲੱਗ ਹੁੰਦੇ ਸਨ, ਪਰ ਉਨ੍ਹਾਂ ਦਾ ਮਤਲਬ ਇਕ ਹੀ ਹੁੰਦਾ ਸੀ। ਮਸਲਨ ਕਿਸੇ ਨੇ ਕਹਿਣਾ ‘ਦਿਹਾੜੀ ਜੀ’, ਤੇ ਕਿਸੇ ਨੇ ਕਹਿਣਾ ‘ਮਜਦੂਰੀ ਜੀ’।
ਮੇਰੇ ਜਮਾਤੀ ਸ਼ਿੰਗਾਰੇ ਨੇ ਦੱਸਿਆ ‘ਮਿਹਨਤ ਜੀ’। ਇਹ ਜਵਾਬ ਸੁਣਕੇ ਮਾਸਟਰ ਜੀ ਸਾਰਾ ਪੀਰੀਅਡ ਹੱਸਦੇ ਰਹੇ ਤੇ ਵਾਰ ਵਾਰ ਕਹੀ ਜਾਣ ‘ਅੱਛਾ ਅੱਛਾ ਮਿਹਨਤ ਕਰਦੇ ਆ’।
ਕਈ ਕਿੱਤੇ ਅਜਿਹੇ ਸਨ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗਦਾ ਕਿ ਉਹ ਕੀ ਕਹਿਣ। ਇਕ ਮੁੰਡੇ ਨੇ ਦੱਸਣਾ ‘ਜੀ ਗੱਡੀ ਜੀ’।
ਮਾਸਟਰ ਨੂੰ ਸਮਝ ਨਾ ਲੱਗਣੀ ਕਿ ਗੱਡੀ ਕਿਹੜਾ ਕੰਮ ਹੋਇਆ। ਬਾਦ ‘ਚ ਪਤਾ ਲੱਗਣਾ ਕਿ ਉਹ ਟ੍ਰੱਕ ਚਲਾਉਂਦੇ ਹਨ।
ਕਿਸੇ ਨੇ ਕਹਿਣਾ ‘ਗ੍ਰੰਥੀ’ ਤੇ ਕਿਸੇ ਨੇ ਕਹਿਣਾ ‘ਪਾਠੀ’। ਇਕ ਮੁੰਡੇ ਨੇ ਆਖਿਆ ‘ਜੀ ਭੱਠੀ’। ਮਾਸਟਰ ਫਿਰ ਸੋਚੀਂ ਪੈ ਗਿਆ। ਦਰਅਸਲ ਉਸ ਮੁੰਡੇ ਦਾ ਬਾਪ ਸਾਧ ਬਣ ਗਿਆ ਸੀ ਤੇ ਉਹਦੀ ਮਾਂ ਭੱਠੀ ‘ਤੇ ਦਾਣੇ ਭੁੰਨਦੀ ਹੁੰਦੀ ਸੀ।
ਮੈਨੂੰ ਯਾਦ ਨਹੀਂ ਹੈ ਕਿ ਸ਼ੇਖੂਪੁਰ ਦੇ ਨਾਈਆਂ ਤੇ ਘੁਮਾਰਾਂ ਦੇ ਨਿਆਣਿਆਂ ਨੇ ਕੀ ਦੱਸਿਆ ਸੀ। ਜੋ ਵੀ ਦੱਸਿਆ ਹੋਵੇਗਾ ਜ਼ਰੂਰ ਹਾਸਾ ਛਿੜਿਆ ਹੋਵੇਗਾ ਤੇ ਬੇਮਤਲਬ ਨਮੋਸ਼ੀ ਝੱਲਣੀ ਪਈ ਹੋਵੇਗੀ। ਦੇਖੋ ਸਾਡਾ ਪੰਜਾਬ ਕਿਸ ਕਦਰ ਗੁਰਾਂ ਦੇ ਨਾਂ ‘ਤੇ ਵਸਦਾ ਹੈ ਕਿ ਇੱਥੇ ਕਿਰਤ ਨਾਲ਼ ਵੀ ਜਾਤ-ਪਾਤ ਦੀ ਨਮੋਸ਼ੀ ਜੁੜੀ ਹੋਈ ਹੈ।
ਇਕ ਮੁੰਡੇ ਨੇ ਆਪਣੇ ਘਰਦਿਆਂ ਦਾ ਪੇਸ਼ਾ ‘ਗਜਾ’ ਦੱਸਿਆ ਸੀ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਗਜਾ ਕਿਹਨੂੰ ਕਹਿੰਦੇ ਹਨ।
ਪਿੱਛੇ ਜਹੇ ਕਿਸੇ ਟਕਸਾਲੀ ਸਿੱਖ ਨਾਲ਼ ਚਰਚਾ ਛਿੜ ਪਈ। ਉਹ ਕਹਿਣ ਲੱਗਾ ‘ਮੈਂ ਜ਼ਿਮੀਂਦਾਰਾਂ ਦਾ ਪੁੱਤ ਹਾਂ’। ਮੈਂ ਪੁੱਛਿਆ ਕਿ ਤੂੰ ਫਿਰ ਖੇਤੀ ਕਿਉਂ ਨਹੀਂ ਕਰਦਾ?
ਉਹਨੇ ਜੋ ਕਿਹਾ ਉਹਤੋਂ ਮੈਨੂੰ ਗਜਾ ਦੇ ਅਰਥ ਸਮਝ ਲੱਗ ਗਏ। ਕਹਿਣ ਲੱਗਾ ‘ਜੀ ਗਜਾ ਮਜ਼ਾ, ਵਾਹੀ ਫਾਹੀ’।
ਮੈਂ ਸਮਝ ਗਿਆ ਕਿ ਟਕਸਾਲਾਂ ਤੇ ਤਮਾਮ ਡੇਰੇ ਗਜਾ ਦੇ ਸਿਰ ‘ਤੇ ਚੱਲਦੇ ਹਨ ਤੇ ਗਜਾ ਵਿੱਚ ਹੀ ਉਹ ਮਜ਼ਾ ਲੁੱਟਦੇ ਹਨ। ਵਾਹੀ ਨੂੰ ਤਾਂ ਉਹ ਨਿਰੀ ਫਾਹੀ ਸਮਝਦੇ ਹਨ ਤੇ ਗਜਾ ਵਿੱਚ ਨਾ ਹਿੰਗ ਲੱਗੇ ਨਾ ਫਟਕੜੀ।
ਸਾਰੀ ਰਾਮ ਕਹਾਣੀ ਦੱਸਣ ਦਾ ਮਕਸਦ ਇਹ ਹੈ ਕਿ ਉਦੋਂ ਖੇਤੀ-ਬਾੜੀ ਦੇ ਧੰਦੇ ਨੂੰ ਕੋਈ ਵੀ ਕਿਸਾਨੀ ਨਹੀਂ ਸੀ ਕਹਿੰਦਾ ਤੇ ਨਾ ਹੀ ਇਹ ਧੰਦਾ ਕਰਨ ਵਾਲ਼ੇ ਨੂੰ ਕੋਈ ਕਿਸਾਨ ਕਹਿੰਦਾ ਸੀ। ਬਹੁਤੇ ਲੋਕ ਉਹਨੂੰ ਜ਼ਿਮੀਦਾਰ ਕਹਿੰਦੇ ਸਨ।
ਖੇਤੀ-ਬਾੜੀ ਸ਼ਬਦ ਜ਼ਾਹਿਰਾ ਤੌਰ ਪਰ ਦੋ ਸ਼ਬਦਾਂ ਖੇਤੀ ਅਤੇ ਬਾੜੀ ਦਾ ਸੁਮੇਲ ਹੈ। ਪੰਜਾਬ ਵਿੱਚ ਖੇਤੀ-ਬਾੜੀ ਦੋ ਤਰਾਂ ਦੀ ਹੁੰਦੀ ਹੈ — ਖੇਤੀ ਅਤੇ ਬਾੜੀ। ਖੇਤੀ ਖੇਤਾਂ ਵਿੱਚ ਹੁੰਦੀ ਹੈ ਤੇ ਬਾੜੀ ਵਾੜਿਆਂ ਵਿੱਚ।
ਖੇਤ ਅਕਾਰ ਵਿੱਚ ਵੱਡੇ ਹੁੰਦੇ ਹਨ ਤੇ ਵਾੜੇ ਛੋਟੇ। ਖੇਤ ਵੱਡੇ ਹੋਣ ਕਾਰਣ ਅਕਸਰ ਅਣਵਾਲੇ ਰਹਿੰਦੇ ਹਨ ਤੇ ਵਾੜਿਆਂ ਦੇ ਚਾਰੇ ਪਾਸੇ ਵਾੜ ਕੀਤੀ ਹੁੰਦੀ ਹੈ। ਵਾੜ, ਬਾੜੇ ਅਤੇ ਬਾੜੀ ਦਾ ਵੀ ਆਪਸ ਵਿੱਚ ਕੋਈ ਸੰਬੰਧ ਹੋ ਸਕਦਾ ਹੈ।
ਖੇਤ ਵਿੱਚ ਕਣਕ, ਝੋਨਾ, ਕਮਾਦ ਤੇ ਕਪਾਹ ਆਦਿ ਬੀਜੀ ਜਾਂਦੀ ਹੈ। ਜਦਕਿ ਵਾੜੇ ਅੰਦਰ ਹਦਵਾਣੇ, ਖ਼ਰਬੂਜ਼ੇ, ਤਰਾਂ, ਖੀਰੇ, ਗੋਭੀ, ਸ਼ਲਗਮ, ਮੂਲੀਆਂ ਤੇ ਮਟਰ ਆਦਿ ਵੀਹ ਕਿਸਮ ਦੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ।
ਖੇਤੀ ਨਾਲ਼ ਸਬੰਧਤ ਸਾਰੇ ਕਿਸਾਨ ਕਦੇ ਸੱਚਮੁਚ ਕਿਸਾਨ ਹੁੰਦੇ ਸਨ। ਜਦ ਉਹ ਸਾਰਾ ਕੰਮ ਆਪ ਕਰਦੇ ਸਨ ਤੇ ਕਿਸੇ ਬੇਜ਼ਮੀਨੇ ਦਾ ਇੱਕ ਟੱਬਰ ਸੀਰੀ ਵਜੋਂ ਨਾਲ਼ ਰਲ਼ਾ ਲੈਂਦੇ ਸਨ।
ਪਰ ਹੁਣ ਅਜਿਹੇ ਕਿਸਾਨ ਬਹੁਤੇ ਹਨ, ਜਿਹੜੇ ਸਿਰਫ ਜ਼ਮੀਨ ਦੇ ਮਾਲਕ ਹੋਣ ਕਰਕੇ ਸਾਰੀ ਕਮਾਈ ਖਾਂਦੇ ਹਨ, ਖੇਤਾਂ ਵਿੱਚ ਕਦੀ ਕੋਈ ਕੰਮ ਨਹੀਂ ਕਰਦੇ।
ਕਈ ਕਿਸਾਨ ਅਜਿਹੇ ਹਨ, ਜਿਹੜੇ ਖੇਤਾਂ ਵਿਚ ਖ਼ੁਦ ਖੇਤੀ ਕਰਦੇ ਹਨ ਤੇ ਅਣਸਰਦੇ ਨੂੰ ਮਜ਼ਦੂਰ ਵੀ ਲਗਾ ਲੈਂਦੇ ਹਨ। ਇਨ੍ਹਾਂ ਕੋਲ ਮੰਡੀਆਂ ਜੋਗਾ ਅਨਾਜ ਬਹੁਤ ਘੱਟ ਹੁੰਦਾ ਹੈ ਤੇ ਇੱਥੇ ਹੀ ਇਧਰ ਉਧਰ ਆਪਣੇ ਲਿਹਾਜ਼ੀ ਤੇ ਵਾਕਿਫਕਾਰਾਂ ਨੂੰ ਵੇਚ ਲੈਂਦੇ ਹਨ।
ਪਰ ਬਾੜੀ ਨਾਲ਼ ਸਬੰਧਤ ਕਿਸਾਨ ਨਿੱਕੇ ਨਿੱਕੇ ਖੇਤਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਸਾਰਾ ਸਾਰਾ ਦਿਨ ਅਤੇ ਸਾਰਾ ਸਾਲ ਜਾਨ ਹੂਲਦੇ ਹਨ। ਇਨ੍ਹਾਂ ਨੂੰ ਬੇਹੱਦ ਚੇਤੰਨ ਰਹਿਣਾ ਪੈਂਦਾ ਹੈ।
ਇਨ੍ਹਾਂ ਦਾ ਹਰੇਕ ਦਿਨ ਅਹਿਮ ਹੁੰਦਾ ਹੈ ਤੇ ਹਮੇਸ਼ਾ ਫਿਕਰ ਵਿੱਚ ਰਹਿਣਾ ਪੈਂਦਾ ਹੈ। ਸਬਜ਼ੀਆਂ ਬੀਜਣ, ਵੱਢਣ ਤੇ ਵੇਚਣ ਵਿੱਚ ਦੋ ਦਿਨ ਦੀ ਦੇਰੀ ਜਾਂ ਢਿੱਲ ਵੀ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੰਦੀ ਹੈ।
ਜੇ ਖੇਤੀ ਪੁੱਤ ਪਾਲਣ ਦੇ ਸਮਾਨ ਹੈ ਤਾਂ ਬਾੜੀ ਧੀਆਂ ਸੰਭਾਲਣ ਜਹੀ ਹੈ। ਕਣਕ ਝੋਨਾ ਬੀਜਣ ਵਾਲੇ ਕਿਸਾਨ ਕਾਫੀ ਸਮਾਂ ਵਿਹਲ ਮਾਣ ਲੈਂਦੇ ਹਨ, ਪਰ ਸਬਜ਼ੀਆਂ ਵਾਲ਼ੇ ਨੂੰ ਕਦੀ ਵੀ ਵਿਹਲ ਨਹੀਂ ਮਿਲ਼ਦੀ। ਉਹਨੇ ਹਰ ਰੋਜ ਕੁਝ ਨਾ ਕੁਝ ਬੀਜਣਾ ਹੁੰਦਾ ਹੈ ਤੇ ਤੋੜਨਾ ਵੱਢਣਾ ਹੁੰਦਾ ਹੈ। ਉਹਨੇ ਹਰ ਰੋਜ ਮੰਡੀ ਵਿੱਚ ਕੁਝ ਵੇਚ ਕੇ ਆਉਣਾ ਹੁੰਦਾ ਹੈ ਤੇ ਕੁਝ ਖਰੀਦ ਕੇ ਲਿਆਉਣਾ ਹੁੰਦਾ ਹੈ।
ਜਿਵੇਂ ਪੁੱਤ ਦਾ ਕੋਈ ਫਿਕਰ ਨਹੀਂ ਹੁੰਦਾ ਕਿ ਕਿੱਥੋਂ ਆਇਆ ਤੇ ਕਿੱਥੇ ਗਿਆ ਸੀ ਪਰ ਧੀਆਂ ਦੇ ਫਿਕਰ ਡਾਢੇ ਹੁੰਦੇ ਹਨ, ਪਲ ਪਲ ਦਾ ਡਰ ਰਹਿੰਦਾ ਹੈ ਤੇ ਖ਼ਬਰ ਰੱਖਣੀ ਪੈਂਦੀ ਹੈ। ਜਿਵੇਂ ਪੁੱਤਾਂ ਦਾ ਮਾਪਿਆਂ ਨੂੰ ਮਾਣ ਹੁੰਦਾ ਹੈ ਤੇ ਧੀਆਂ ਦੀ ਚਿੰਤਾ ਲੱਗੀ ਰਹਿੰਦੀ ਹੈ।
ਇਵੇਂ ਖੇਤੀ ਵਾਲ਼ੇ ਕਣਕਾਂ ਦੇਖ ਦੇਖ ਫੁੱਲਦੇ ਹਨ, ਪਰ ਬਾੜੀ ਬਾਲ਼ੇ ਸਬਜ਼ੀਆਂ ਦੇਖ ਦੇਖ ਸੁੱਕਣੇ ਪਏ ਰਹਿੰਦੇ ਹਨ। ਖੇਤੀ ਅਤੇ ਬਾੜੀ ਵਿੱਚ ਘੋੜੀ ਤੇ ਸੁਹਾਗ ਜਿਹਾ ਫਰਕ ਹੁੰਦਾ ਹੈ। ਇਕ ‘ਚ ਉਤਸ਼ਾਹ ਹੁੰਦਾ ਹੈ ਤੇ ਇਕ ‘ਚ ਉਦਾਸੀ।
ਕਣਕਾਂ ਵਾਲ਼ਿਆਂ ਦੀਆਂ ਮੋਟੀਆਂ ਰਕਮਾਂ ਜਾਂਦੀਆਂ ਹਨ ਤੇ ਡਬਲ ਹੋ ਕੇ ਮੁੜਦੀਆਂ ਹਨ। ਇਸੇ ਲਈ ਕਣਕਾਂ ਵਾਲ਼ੇ ਥੋਕ ਦੀ ਤਰਾਂ ਵਿਚਰਦੇ ਹਨ ਤੇ ਸਬਜ਼ੀਆਂ ਵਾਲੇ ਦੀ ਮਸਾਂ ਆਈ ਚਲਾਈ ਹੁੰਦੀ ਹੈ। ਇਸੇ ਲਈ ਉਹ ਪਰਚੂਨ ਦੀ ਤਰਾਂ ਰਹਿੰਦੇ ਹਨ।
ਉਹ ਖੁੱਲ੍ਹ ਖੇਲ੍ਹ ਨਹੀਂ ਕਰਦੇ, ਸੰਭਲ ਕੇ ਰਹਿੰਦੇ ਹਨ ਤੇ ਚਾਦਰ ਦੇਖ ਕੇ ਪੈਰ ਪਸਾਰਦੇ ਹਨ। ਵਿਆਹ ਸ਼ਾਦੀਆਂ ਲਈ ਗੁਰਦੁਆਰਿਆਂ ਦੀ ਓਟ ਲੈਂਦੇ ਹਨ, ਜਿਵੇਂ ਕਿਸੇ ਬੁੜ੍ਹੇ ਬੁੜ੍ਹੀ ਦਾ ਭੋਗ ਹੋਵੇ।
ਪਰ ਕਣਕਾਂ ਵਾਲ਼ੇ ਹਰ ਸਮਾਗਮ ‘ਤੇ ਵੱਡੇ ਵੱਡੇ ਪੈਲਸ ਬੁੱਕ ਕਰਦੇ ਹਨ ਤੇ ਬੁੜ੍ਹੇ ਬੁੜ੍ਹੀ ਦੇ ਭੋਗ ਵੀ ਇਸਤਰਾਂ ਪਾਉਂਦੇ ਹਨ, ਜਿਵੇਂ ਮੁੰਡੇ ਕੁੜੀ ਦਾ ਵਿਆਹ ਹੋਵੇ।
ਸੇਕ ਤਾਂ ਸਭ ਨੂੰ ਲੱਗਦਾ ਹੈ। ਜੇ ਰੋਟੀ ਤਵੇ ‘ਤੇ ਸ਼ਰੇਆਮ ਰੜ੍ਹਦੀ ਹੈ ਤਾਂ ਸਬਜ਼ੀ ਪਤੀਲੇ ‘ਚ ਲੁਕ ਲੁਕ ਕੇ ਸੜਦੀ ਹੈ। ਨਾ ਰੋਟੀ ਬਿਨਾ ਸਰਦਾ ਹੈ ਨਾ ਸਬਜ਼ੀ ਬਿਨਾ। ਰੋਟੀ ਬਿਨਾ ਸਬਜ਼ੀ ਨਹੀਂ ਖਾਧੀ ਜਾਂਦੀ ਤੇ ਸਬਜ਼ੀ ਬਿਨਾ ਰੋਟੀ ਨਹੀਂ ਲੰਘਦੀ। ਫਿਰ ਵੀ ਕੋਈ ਇਹ ਨਹੀਂ ਕਹਿੰਦਾ ਕਿ ‘ਸਬਜ਼ੀ ਖਾਣੀ ਹੈ’। ਇਹੀ ਸੁਣਦੇ ਹਾਂ ‘ਰੋਟੀ ਖਾਣੀ ਹੈ’।
ਪੰਜਾਬ ਅੰਦਰ ਖੇਤੀ ਵਾਲੇ ਕਿਸਾਨ ਅਸਲ ਵਿੱਚ ਜ਼ਿਮੀਦਾਰ ਸਮਝੇ ਜਾਂਦੇ ਹਨ, ਜਿਨ੍ਹਾਂ ਦੀ ਫਸਲ ਦਾ ਬੀਜਣ ਸਮੇਂ ਹੀ ਪੱਕਾ ਸਰਕਾਰੀ ਭਰੋਸਾ ਹੁੰਦਾ ਕਿ ਇਹ ਫਸਲ ਦਾ ਇੱਕ ਇੱਕ ਦਾਣਾ ਵਿੱਕ ਜਾਣਾ ਹੈ ਤੇ ਉਹਦੀ ਕੀਮਤ ਦਾ ਵੀ ਪਤਾ ਹੁੰਦਾ ਹੈ ਕਿ ਆਮਦਨ ਕਿੰਨੀ ਕੁ ਹੋਵੇਗੀ।
ਇਹਦੀ ਬਜਾਏ ਬਾੜੀ ਵਾਲ਼ਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਵੇਗਾ ਕਿ ਨਹੀਂ, ਵਿਕੇਗੀ ਕਿ ਨਹੀਂ ਜੇ ਵਿਕੇਗੀ ਤਾਂ ਕਿਸ ਭਾ।
ਦੇਖੋ ਨਾ ਜਦ ਗੋਭੀ ਹਾਲੇ ਵੱਢਣ ਜੋਗੀ ਨਹੀਂ ਹੁੰਦੀ ਤਾਂ ਨੱਬੇ ਨੱਬੇ ਰੁਪਏ ਕਿੱਲੋ ਵਿਕਦੀ ਹੈ, ਜਦ ਫਸਲ ਤਿਆਰ ਬਰ ਤਿਆਰ ਹੁੰਦੀ ਹੈ ਤਾਂ ਗੋਭੀ ਅੱਠ ਦਸ ਰੁਪਏ ਕਿੱਲੋ ‘ਤੇ ਆ ਡਿਗਦੀ ਹੈ ਤੇ ਜਦ ਖਤਮ ਹੋਣ ਕਿਨਾਰੇ ਹੁੰਦੀ ਹੈ ਤਾਂ ਫਿਰ ਪੰਜਾਹ ਸੱਠ ਤੱਕ ਚੜ੍ਹ ਜਾਂਦੀ ਹੈ। ਸਬਜ਼ੀ ਤਾਂ ਖੁੰਬਾਂ ਤਰਾਂ ਪਲ ‘ਚ ਤੋਲ਼ਾ ਤੇ ਪਲ ‘ਚ ਮਾਸਾ ਵਾਲ਼ੀ ਗੱਲ ਹੁੰਦੀ ਹੈ।
ਹੁਣ ਸਾਡੀ ਕੇਂਦਰ ਸਰਕਾਰ ਨੇ ਖੇਤੀ ਵਾਲ਼ੇ ਕਿਸਾਨ ਅਰਥਾਤ ਕਣਕ, ਝੋਨਾ, ਕਮਾਦ ਅਤੇ ਕਪਾਹ ਬੀਜਣ ਵਾਲ਼ੇ ਵੱਡੇ ਜ਼ਿਮੀਦਾਰ ਨੂੰ ਦਿੱਤੀ ਹੋਈ ਵੱਡੀ ਸਹੂਲਤ ਵਾਪਸ ਲੈ ਲਈ ਹੈ। ਕਿਸਾਨ ਜਥੇਬੰਦੀਆਂ ਲੋਹੇ ਲਾਖੀਆਂ ਹੋਈਆਂ ਪਈਆਂ ਹਨ ਤੇ ਧਰਨਿਆਂ ਦੀਆਂ ਧਮਕੀਆਂ ਦੇ ਰਹੀਆਂ ਹਨ।
ਰਾਜਸੀ ਦਲ ‘ਕਿਸਾਨ ਬਚਾਓ ਪੰਜਾਬ ਬਚਾਓ’ ਦੇ ਨਾਰ੍ਹੇ ਮਾਰ ਰਹੇ ਹਨ। ਪੰਜਾਬ ਸਰਕਾਰ ਨੂੰ ਪਦੀੜ੍ਹ ਪਈ ਹੋਈ ਹੈ ਕਿ ਕਿਵੇਂ ਨਾ ਕਿਵੇਂ ਐਮ ਐੱਸ ਪੀ ਖਾਰਜ ਕਰਨ ਵਾਲ਼ਾ ਫੈਸਲਾ ਰੱਦ ਹੋ ਜਾਵੇ।
ਸਾਡੇ ਅਰਥ-ਸ਼ਾਸ਼ਤਰੀ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਦੀਆਂ ਖੁੱਡਾਂ ਵਿਚੋ ਕੱਛੂਕੁੰਮਿਆਂ ਦੀ ਤਰਾਂ ਸਿਰੀਆਂ ਕੱਢ ਕੱਢ ਕੇ ਲੰਮੇ ਲੰਮੇ ਲੇਖ ਲਿਖ ਰਹੇ ਹਨ ਕਿ ਕਿਸਾਨ ਲੁੱਟੇ ਜਾਣਗੇ, ਪੁੱਟੇ ਜਾਣਗੇ, ਲਿਤਾੜੇ ਜਾਣਗੇ।
ਮੈਂ ਅਜਿਹੀ ਇਕ ਅਰਥ-ਸ਼ਾਸਤਰਣ ਨੂੰ ਫ਼ੋਨ ਕੀਤਾ ਕਿ ‘ਮੈਡਮ ਜੀ, ਖੇਤੀ ਦਾ ਏਨਾ ਹੇਜ ਰੱਖਦੇ ਹੋ ਕਦੀ ਬਾੜੀ ਦੀ ਵੀ ਖ਼ਬਰ ਲੈ ਲਿਆ ਕਰੋ’। ਉਹ ਕਹਿਣ ਲੱਗੀ ਕਿ ‘ਇਕ ਵਾਰੀ ਸਬਜ਼ੀ ਵਾਲ਼ਿਆਂ ਬਾਬਤ ਲਿਖਿਆ ਸੀ ਤਾਂ ਵੱਡੇ ਅਰਥ-ਸ਼ਾਸ਼ਤਰੀਆਂ ਨੇ ਰੋਕ ਦਿੱਤਾ ਕਿ ਇਸਤਰਾਂ ਕਿਸਾਨਾ ਵਿੱਚ ਪਾੜਾ ਪੈਂਦਾ ਹੈ’।
ਮੈਂ ਕਿਹਾ ‘ਮੈਡਮ, ਪਾੜਾ ਤਾਂ ਪਿਆ ਹੋਇਆ ਹੈ ਤੇ ਇਸ ਪਾੜੇ ਦੀ ਗੱਲ ਕਰਨ ਨਾਲ ਪਾੜਾ ਮਿਟਣ ਦੀ ਸੰਭਾਵਨਾ ਬਣਦੀ ਹੈ’। ਉਹ ਕਹਿਣ ਲੱਗੀ ‘ਨਹੀਂ, ਇਸੇ ਤਰਾਂ ਹੀ ਚੱਲਦਾ ਹੈ, ਮਾੜੇ ਦੀ ਕੋਈ ਨਹੀਂ ਸੁਣਦਾ’।
ਮੈਂ ਸਮਝ ਗਿਆ ਕਿ ‘ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲ਼ੇ ਵੀ ਸਿਆਣੇ’ ਤੇ ‘ਤਕੜੇ ਦਾ ਸੱਤੀਂ ਵੀਹੀਂ ਸੌ’। ‘ਸੌ ਗਜ਼ ਰੱਸਾ ਤੇ ਸਿਰੇ ‘ਤੇ ਗੰਢ’ ਇਹ ਹੈ ਕਿ ‘ਜਿਹਦੀ ਲਾਠੀ ਉਹਦੀ ਮੱਝ’।
ਜੇ ਸਰਕਾਰ ਨੂੰ ਇੱਕ ਲਾਠੀ ਮੰਨ ਲਿਆ ਜਾਵੇ ਤਾਂ ਦੇਖ ਲਉ ਉਹ ਕਿਹਦੇ ਹੱਥ ਵਿੱਚ ਹੈ ਤੇ ਆਰਥਿਕਤਾ ਦੀ ਮੱਝ ਕਿਹਦੀ ਖੁਰਲੀ ‘ਤੇ ਬੱਝੀ ਖੜ੍ਹੀ ਹੈ ਤੇ ਉਹਦਾ ਦੁੱਧ ਕਿਹਦੇ ਮੂੰਹ ‘ਚ ਪੈਂਦਾ ਹੈ।
ਇਸਤਰਾਂ ਲੱਗਦਾ ਹੈ ਕਿ ਪੰਜਾਬ ਦੀ ਆਰਥਿਕਤਾ ਦੀ ਮੱਝ ਦਾ ਦੁੱਧ ਸਿਰਫ ਤੇ ਸਿਰਫ ਕਣਕਾਂ ਵਾਲ਼ੇ ਕਿਸਾਨ ਦੇ ਹਿੱਸੇ ਆਉਂਦਾ ਹੈ ਤੇ ਸਬਜ਼ੀਆਂ ਵਾਲ਼ੇ ਤਾਂ ਇਸ ਪੰਜ ਕਲਿਆਣੀ ਮੱਝ ਦਾ ਗੋਹਾ ਕੂੜਾ ਕਰਨ ਦੀ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਦੇ ਪੱਲੇ ਇਸ ਮੱਝ ਦੇ ਮੂਤ ਪਰਾਲ਼ ਦੇ ਬਿਨਾ ਕੁਝ ਨਹੀਂ ਪੈਂਦਾ।
ਨਾ ਉਨ੍ਹਾਂ ਨੂੰ ਕੋਈ ਦੇਖਦਾ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਗੱਲ ਕਰਦਾ ਹੈ। ਜੇ ਕਿਤੇ ਉਸ ਅਰਥ-ਸ਼ਾਸ਼ਤਰਣ ਜਿਹਾ ਕੋਈ ਹੌਸਲਾ ਕਰੇ ਵੀ ਤਾਂ ਉਹਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ।
ਇੱਥੋਂ ਇਹ ਵੀ ਅੰਦਾਜ਼ਾ ਲਗਦਾ ਹੈ ਕਿ ਸਾਡੀਆਂ ਵਿਦਵਾਨ ਕੁੜੀਆਂ ਨੂੰ ਯੂਨੀਵਰਸਿਟੀ ਵਿੱਚ ਪੁੱਜ ਕੇ ਵੀ ਮਨ ਭਾਉਂਦੇ ਵਿਸ਼ੇ ‘ਤੇ ਲਿਖਣ ਦੀ ਇਜਾਜ਼ਤ ਨਹੀਂ ਹੈ।
ਲੱਗਦਾ ਹੈ ਕਿ ਧੀ ਤੇ ਪੁੱਤ ਵਿਚਲਾ ਪਾੜਾ ਇਵੇਂ ਹੀ ਬਰਕਰਾਰ ਰਹੇਗਾ। ਗੁਰੂ ਪੀਰ ਸੰਤ ਮਹਾਤਮਾ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਅਸੀਂ ਕਿਸੇ ਨੂੰ ਕੀ ਸਮਝਦੇ ਹਾਂ — ਖੇਤੀ ਖਸਮਾਂ ਸੇਤੀ ਤੇ ਸਬਜ਼ੀ “ਵੀਚਾਰੀ ਤਾਂ ਪਰਉਪਕਾਰੀ”।
ਝੋਨੇ, ਪੋਨੇ ਤੇ ਕਣਕ ਦੀ ਖੇਤੀ ਨੇ ਸਾਰੇ ਵਿਸ਼ਵ ਨੂੰ ਸ਼ੂਗਰ ਦੀ ਲਾਇਲਾਜ਼ ਬਿਮਾਰੀ ਨਾਲ਼ ਭਰ ਦਿੱਤਾ ਹੈ। ਬਹੁਤ ਹੋ ਗਿਆ। ਆਉ ਹੁਣ ਮੋੜਾ ਕੱਟੀਏ ਤੇ ਸਬਜ਼ੀਆਂ ਦੀ ਸਾਰ ਲਈਏ। ਖੇਤੀ ਦਾ ਨਹੀਂ ਹੁਣ ਬਾੜੀ ਦਾ ਯੁੱਗ ਹੈ।
——————
ਦੇਖੋ ਵੀਡੀਓ:
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today : All right Reserve 2016 - 2024 |