ਕਿਸੇ ਵੀ ਆਮ ਖ਼ਾਸ ਸਿੱਖ ਨੂੰ ਸਿੱਖੀ ਦੀ ਵਿਸ਼ੇਸ਼ਤਾ ਪੁੱਛੀ ਜਾਵੇ ਤਾਂ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ ਕਿ ਸਿੱਖੀ ਦਾ ਸ਼ਿਰੋਮਣੀ ਸਰੋਕਾਰ ਸਾਂਝੀਵਾਲਤਾ ਹੈ ਤੇ ਸਿੱਖ ਹਮੇਸ਼ਾ ਸਰਬੱਤ ਦਾ ਭਲਾ ਲੋਚਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਤੇ ਇਹ ਬਿਲਕੁਲ ਸਹੀ ਹੈ ਕਿ ਸਿੱਖੀ ਵਿੱਚ ਸਾਂਝੀਵਾਲਤਾ ਹੈ ਤੇ ਸਿੱਖ ਸਰਬੱਤ ਦਾ ਭਲਾ ਲੋਚਦੇ ਹਨ।
ਪਰ ਜੇ ਸਿੱਖੀ ਦੀ ਸਾਂਝੀਵਾਲਤਾ ਨੂੰ ਸਿੱਖਾਂ ਵਿੱਚ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਹੀ ਮਾਅਨਿਆਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ ਤੇ ਸਰਬੱਤ ਦਾ ਭਲਾ ਤਾਂ ਅਰਦਾਸ ਦੇ ਇਕ ਵਾਕ ਤੱਕ ਸੀਮਤ ਹੋ ਗਿਆ ਹੈ ਤੇ ਅਰਦਾਸ ਸਾਡੇ ਦਿਲ ਦੀ ਵੇਦਨਾ ਜਾਂ ਹੂਕ ਦੀ ਬਜਾਏ ਰਸਮ ਬਣ ਗਈ ਹੈ।
ਕਿਸੇ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਅਰਦਾਸ ਸਮੇਂ ‘ਬੋਲੋ ਜੀ ਵਾਹਿਗੁਰੂ’ ਦਾ ਸੰਗਤੀ ਪਰਤੌ ਦੇਰ ਤੱਕ ਕੰਨਾਂ ‘ਚ ਗੂੰਜਦਾ ਰਹਿੰਦਾ ਸੀ। ਪਰ ਅੱਜਕਲ ਅਰਦਾਸ ਦੀ ਉਹ ਗੂੰਜ ਸੁਣਾਈ ਨਹੀਂ ਦਿੰਦੀ।
ਸਾਡੇ ਘਰੇਲੂ ਸਮਾਗਮਾਂ ਵਿੱਚ ਵੀ ਹੋ ਰਹੀ ਅਰਦਾਸ ਸਮੇਂ ਖੜ੍ਹੇ ਹੋਣ ਵਾਲਿਆਂ ਦੇ ਬੋਲਦੇ ਗੋਡਿਆਂ ਦੇ ਪਟਾਕੇ, ਉੱਤਰੇ ਹੋਏ ਚਿਹਰੇ, ਵਾਰ ਵਾਰ ਹੇਠਾਂ ਨੂੰ ਢਿਲਕਦੇ ਹੱਥ ‘ਤੇ ਆ ਰਹੀਆਂ ਉਬਾਸੀਆਂ ਦੱਸਦੀਆਂ ਹਨ ਕਿ ‘ਸਰਬੱਤ ਦੇ ਭਲੇ’ ਵਾਲੇ ਵਾਕ ਵਿੱਚ ਭਲੇ ਦੀ ਜਾਚਨਾ ਕਿੰਨੀ ਕੁ ਸੱਚੀ ਹੁੰਦੀ ਹੈ।
ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਸੰਕਲਨ ਸਮੇਂ ਜਾਤ, ਮਜ਼੍ਹਬ, ਬੋਲੀ, ਖਿੱਤੇ ਅਤੇ ਕਿਤੇ ਦੀ ਵੱਖਰਤਾ ਨੂੰ ਦਰਕਿਨਾਰ ਕਰਕੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਭਿਆਸ ਵਿੱਚ ਉਤਾਰ ਦਿੱਤਾ ਸੀ। ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਦੀ ਤਾਮੀਰ ਸਮੇਂ ਸਾਂਈਂ ਮੀਰ ਜੀ ਤੋਂ ਨੀਂਹ ਰਖਵਾ ਕੇ ਸਾਂਝੀਵਾਲਤਾ ਨੂੰ ਸਿੱਖ ਸਮਾਜ ਦਾ ਅਧਾਰ ਬਣਾ ਦਿੱਤਾ ਸੀ। ਅੰਮ੍ਰਿਤਸਰ ਵਿੱਚ ਮੁਢਲੇ ਤੌਰ ‘ਤੇ ਬਵੰਜਾ ਕਿਸਮ ਦੇ ਕਿਰਤੀਆਂ ਨੂੰ ਦੂਰ ਦੁਰੇਡਿਓਂ ਸੱਦ ਕੇ ਵਸਾਇਆ ਤਾਂ ਸਾਂਝੀਵਾਲਤਾ ਨੂੰ ਸਰਬੱਤ ਦੇ ਭਲੇ ਵਿਚ ਰੰਗ ਦਿੱਤਾ ਗਿਆ।
ਜਿਸ ਵਕਤ ਛੇਵੇਂ ਪਾਤਸ਼ਾਹ ਨੇ ਜੀਵਨ ਜਾਚ ਦਾ ਵਿਸਤਾਰ ਕਰਦਿਆਂ ਅੱਛੇ ਘੋੜੇ ਅਤੇ ਜੰਗੀ ਸਾਜ਼ੋਸਮਾਨ ਦੀ ਇੱਛਾ ਜ਼ਾਹਰ ਕੀਤੀ ਤਾਂ ਜਿਨ੍ਹਾਂ ਕਿਰਤੀ ਲੋਕਾਂ ਕੋਲ ਅਰਪਣ ਲਈ, ਜਿੰਦ-ਜਾਨ ਦੇ ਇਲਾਵਾ ਕੁਝ ਵੀ ਨਹੀਂ ਸੀ, ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਬੇਨਤੀ ਕੀਤੀ ਕਿ “ਹਮ ਅਨਾਥ ਭੇਟ ਸਿਰ ਦੀਏ। ਦਯਾ ਸਿੰਧੁ ਚਾਹੈ ਜਬ ਲੀਏ”। ਇਹ ਪੰਚਮ ਪਾਤਸ਼ਾਹ ਦੇ ਵਰੋਸਾਏ ਅਤੇ ਵਸਾਏੇ ਉਹੀ ਸਿੱਖ ਸਨ, ਜਿਨ੍ਹਾਂ ਦਾ ਜ਼ਿਕਰ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਵਿੱਚ ਇਸਤਰਾਂ ਆਇਆ ਹੈ: ਛੀਪੇ ਝੀਵਰ ਔਰ ਤਖਾਨ। ਨਾਈ ਗ੍ਰਿਹਿ ਉਤਰੇ ਸਭਿ ਆਨਿ।।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਤਿਗੁਰਾਂ ਅੱਗੇ ਆਪਣੇ ਸੀਸ ਅਰਪਣ ਕਰਨ ਵਾਲੇ ਪੰਜ ਪਿਆਰੇ ਖੱਤਰੀ, ਜਾਟ, ਛੀਂਬਾ, ਨਾਈ ਅਤੇ ਝੀਰ ਜਾਤੀ ਦੇ ਸਮਾਜਕ ਪਿਛੋਕੜ ਵਿੱਚੋਂ ਆਏ ਸਨ। ਇਨ੍ਹਾਂ ਬਾਰੇ ਪਾਤਸ਼ਾਹ ਨੇ ਐਲਾਨ ਕੀਤਾ: ਜਿਨ ਕੀ ਕੁਲ ਮੂਢਨ ਕੀ ਮਹਾਂ, ਅੱਖਰ ਭੇਵ ਨ ਜਾਨਤ ਕਹਾਂ। ਤਿਨ ਤੇ ਗਹਿ ਪੰਡਤ ਉਪਜਾਊਂ, ਵੇਦ ਪੜ੍ਹਨ ਕੋ ਵੱਲ ਸਮਝਾਊਂ। ਇਨ ਗਰੀਬ ਸਿੱਖਨ ਕੋ ਦਯੋਂ ਪਾਤਸ਼ਾਹੀ, ਯੇ ਯਾਦ ਰਖੈ ਹਮਰੀ ਗੁਰਿਆਈ।
ਪਾਤਸ਼ਾਹੀ ਤਕ ਪੁਜਦੇ ਪੁਜਦੇ, ਅਸਹਿ ਤੇ ਅਕਹਿ ਇਤਿਹਾਸਕ ਦੌਰ ਵਿੱਚੋਂ ਗ਼ੁਜ਼ਰਦਿਆਂ, ਹਰ ਪਲ ਸਾਂਝੀਵਾਲਤਾ ਬਰਕਰਾਰ ਰਹੀ। ਪਰ, ਪਾਤਸ਼ਾਹੀ ਨੂੰ ਦੇਖਦੇ ਹੀ ਸਾਂਝੀਵਾਲਤਾ ਹਿੰਦੂ ਰਾਜਸ਼ਾਹੀ ਤੇ ਇਸਲਾਮੀ ਬਾਦਸ਼ਾਹੀ ਦੀ ਭੇਟ ਚੜ੍ਹ ਗਈ। ਸੱਚੀ ਪਾਤਸ਼ਾਹੀ ਨੂੰ ਝੂਠੀ ਬਾਦਸ਼ਾਹੀ ਨਾਲ ਵਟਾ ਲਿਆ ਗਿਆ ਤੇ ਸਰਬੱਤ ਦਾ ਭਲਾ ਭੁਲਾ ਦਿੱਤਾ ਗਿਆ।
ਬਰਤਾਨਵੀ ਜੂਲੇ ਤੋਂ ਮੁਕਤ ਹੋਣ ਵਾਲੇ ਲੰਬੇ ਅਤੇ ਦਿਲ ਕੰਬਾਊ ਇਤਿਹਾਸ ਦੌਰਾਨ ਵੀ ਸਾਂਝੀਵਾਲਤਾ ਕੁਛ ਕੁਛ ਜਲਵਾਗਰ ਹੋਈ ਤੇ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਤੋਂ ਇਕੱਤੀ ਅਕਤੂਬਰ ਉੱਨੀ ਸੌ ਛਿਆਹਟ ਤੱਕ ਵੀ ਪੰਜਾਬ ਦੇ ਮੁੱਖ ਮੰਤਰੀਆਂ ਦੀ ਚੋਣ ਸਮੇਂ ਸਾਂਝੀਵਾਲਤਾ ਕੁਛ ਹੱਦ ਤਕ ਕਾਇਮ ਰਹੀ। ਇਸੇ ਕਰਕੇ ਗੋਪੀ ਚੰਦ ਭਾਰਗਵ, ਭੀਮਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਤੇ ਰਾਮਕਿਸ਼ਨ ਜਹੇ ਪੰਜਾਬ ਦੀ ਪਾਤਸ਼ਾਹੀ ਦਾ ਮੂੰਹ ਦੇਖ ਸਕੇ।
ਪਰ ਇੱਕ ਨਵੰਬਰ ਉੱਨੀ ਸੌ ਛਿਆਹਟ ਉਪਰੰਤ, ਨਵੀਂ ਬਣੀ ਜਾਂ ਬਣਵਾਈ ਪੰਜਾਬੀ ਸੂਬੀ ਦੀ ਪਾਤਸ਼ਾਹੀ ਅਰਥਾਤ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਸਮੇਂ ਸਾਂਝੀਵਾਲਤਾ ਦੇ ਤਿਆਗ ਅਤੇ ਭੋਗ ਦਾ ਇਤਿਹਾਸ ਅਰੰਭ ਹੋ ਗਿਆ ਤੇ ਸਰਬੱਤ ਦਾ ਭਲਾ ਨੀਲੇ ਪੀਲੇ ਕਾਰਡਾਂ ਅਧੀਨ ਦਾਲ ਫੁਲਕੇ ਦੀਆਂ ਸਸਤੀਆਂ ਸਕੀਮਾਂ ਦਾ ਮੁਥਾਜ ਹੋ ਕੇ ਰਹਿ ਗਿਆ।
‘ਪਾਂਡੀ ਪਾਤਸ਼ਾਹ’ ਤੋਂ ਅਸੀਂ ਏਨਾ ਹੀ ਸਬਕ ਸਿੱਖਿਆ ਕਿ ਗਰੀਬ ਦਾ ਮੂੰਹ ਦਾਲ ਫੁਲਕੇ ਨਾਲ ਹੀ ਬੰਦ ਕਰੀ ਰੱਖਣਾ ਹੈ ਤੇ ਪਾਤਸ਼ਾਹੀ ਦੇ ਨੇੜੇ ਕਦੇ ਨਹੀਂ ਫਟਕਣ ਦੇਣਾ। ਜੇ ਕੋਈ ਭਲਾ ਪੁਰਸ਼ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਦਾਲ ਫੁਲਕੇ ਤੋਂ ਡਿਪਟੀ ਸੀ.ਐੱਮ. ਦੇ ਅਹੁਦੇ ਤਕ ਵੀ ਖਿੱਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ‘ਟੋਪੀ ਵਾਲਾ ਬਾਣੀਆਂ’ ਕਹਿ ਕਹਿ ਦੁਰਕਾਰ ਕੇ ਦਿੱਲੀ ਦੇ ਰਾਹ ਤੋਰ ਦੇਣਾ ਹੈ।
ਕੀ ਕਾਰਣ ਹੈ ਕਿ ਖੇਤੀ ਵਿੱਚ ਪਏ ਘਾਟੇ ਨੂੰ ਹੀ ਘਾਟਾ ਮੰਨਿਆ ਜਾਂਦਾ ਹੈ ਤੇ ਖੇਤੀ ‘ਚ ਹੋਏ ਨੁਕਸਾਨ ਨੂੰ ਹੀ ਨੁਕਸਾਨ ਸਮਝਿਆ ਜਾਂਦਾ ਹੈ। ਕਦੀ ਸੁਣਿਆਂ ਕਿਸੇ ਕਿਰਤੀ ਨੂੰ ਵੀ ਪਏ ਘਾਟੇ ਦਾ ਕਦੀ ਮੁਆਵਜ਼ਾ ਮਿਲਿਆ ਹੋਵੇ?
—————
ਇਕ ਨਵੰਬਰ ਛਿਆਹਟ ਉਪਰੰਤ ਪੰਜਾਬ ਦੀ ਪਾਤਸ਼ਾਹੀ ਦੀ ਲੰਬੀ ਫ਼ਹਿਰਿਸਤ ਵਿੱਚ ਗੁਰਮੁਖ ਸਿੰਘ ਮੁਸਾਫ਼ਰ ਨੂੰ ਛੱਡ ਕੇ ਅਤੇ ਗਿਆਨੀ ਜ਼ੈਲ ਸਿੰਘ ਨੂੰ ਕੱਢ ਕੇ, ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬਿਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਜਹੇ ਸ਼ੋਭਨੀਕ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਸਾਂਝੀਵਾਲਤਾ ਤੇ ਅਰਦਾਸ ਦੇ ਅੰਤਮ ਵਾਕ ‘ਸਰਬੱਤ ਦੇ ਭਲੇ’ ਦੀ ਅੰਤਮ ਅਰਦਾਸ ਕਰਦੇ ਪ੍ਰਤੀਤ ਹੁੰਦੇ ਹਨ।
ਪੰਜਾਬ ਦੇ ਇਤਿਹਾਸ ਵਿੱਚ ਉੱਨੀ ਸੌ ਛਿਆਹਟ ਦੇ ਸਵਿੱਚਓਵਰ ਕਾਰਣ ਹੁਣ ਕੋਈ ਸੱਚਰ, ਭਾਰਗਵ ਜਾਂ ਰਾਮਕਿਸ਼ਨ ਪੰਜਾਬ ਦੀ ਪਾਤਸ਼ਾਹੀ ਵੱਲ ਮੂੰਹ ਨਹੀਂ ਕਰ ਸਕਦਾ। ਇਹਦਾ ਪੱਕਾ ਬੰਦੋਬਸਤ ਹੋ ਚੁੱਕਾ ਹੈ ਤੇ ਇਸ ਮਕਸਦ ਵਿੱਚ ਐੜੇ ਬੱਬੇ ਲੱਲੇ ਭੱਬੇ ਸਭ ਰਲੇ ਹੋਏ ਤੇ ਯੱਕਮੁਸ਼ਤ ਹਨ। ਇਹਤੋਂ ਵੀ ਵਧੇਰੇ ਚਿੰਤਾਜਨਕ ਗੱਲ ਇਹ ਹੈ ਕਿ ਪੰਜਾਬ ਦੇ ਦਲਿਤ ਲਈ ਦਿੱਲੀ ਨੇੜੇ ਹੈ, ਪਰ ਪੰਜਾਬੀ ਸੂਬੇ ਦੀ ਸਿਆਸੀ ਅਤੇ ਰਾਜਸੀ ਮੰਜ਼ਲਿ ਮਕਸੂਦ, ਚੰਡੀਗੜ੍ਹ ਬਹੁਤ ਦੂਰ ਹੈ, ਸ਼ਾਇਦ ਅਪਹੁੰਚ। ਡਾ. ਜਸਬੀਰ ਸਿੰਘ ਆਹਲੂਵਾਲੀਏ ਨੇ ਅਜਿਹਾ ਹੀ ਸੰਕੇਤ ਕੀਤਾ ਹੈ ਕਿ ਪੰਜਾਬ ਦੀ ਹਰ ਲਹਿਰ ਅਖੀਰ ਜ਼ਮੀਂਦਰਾਜ਼ ਅਰਥਾਤ ਫਿਊਡਲਾਈਜ਼ ਹੋ ਕੇ ਦੰਮ ਤੋੜ ਦਿੰਦੀ ਹੈ।
ਨਵੀਨ ਪੰਜਾਬ ਦੇ ਸਿਆਸੀ ਅਤੇ ਰਾਜਸੀ ਸਵਿਚਓਵਰ ਤੋਂ ਪਹਿਲਾਂ ਹੀ ਇਕ ਜ਼ਿਮੀਦਾਰ ਮੁੱਖ ਮੰਤਰੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਭਾਰਤ ਦੀ ਇਕੋ ਇਕ ਸੂਬਾ ਖੇਤੀ ਯੂਨੀਵਰਸਿਟੀ, ਲੁਧਿਆਣਾ ਦਾ ਨਿਰਮਾਣ ਕੀਤਾ, ਜਿਹਨੇ ਪੰਜਾਬ ਵਿੱਚ ਹਰੇ ਇਨਕਲਾਬ ਦਾ ਮੁੱਢ ਬੰਨ੍ਹਿਆਂ ਤੇ ਜ਼ਿਮੀਦਾਰਾ ਪੇਸ਼ੇ ਦੀ ਜੂਨ ਸੁਧਾਰ ਕੇ ਰੱਖ ਦਿੱਤੀ।
ਪਰ ਨਾਲ ਹੀ ਰਵਾਇਤੀ ਖੇਤੀ ਵਿੱਚ ਕਿਸਾਨ ਦੇ ਮੋਢੇ ਨਾਲ ਮੋਢਾ ਡਾਹ ਕੇ ਪਲਣ ਅਤੇ ਚੱਲਣ ਵਾਲੇ ਕਿਰਤੀ ਲੋਕਾਂ ਨੂੰ ਅਲੱਗ ਥਲੱਗ ਕਰਕੇ ਰੋਲ ਕੇ ਰੱਖ ਦਿੱਤਾ ਤੇ ਉਹਨੂੰ ਮੁਨਾਫ਼ੇ ਦੀ ਖੇਤੀ ਵਿੱਚੋਂ ਇਵੇਂ ਬੇਦਖ਼ਲ ਕਰ ਦਿੱਤਾ ਗਿਆ, ਜਿਵੇਂ ਮੱਖਣ ‘ਚੋਂ ਵਾਲ ਅਤੇ ਦੁੱਧ ‘ਚੋਂ ਮੱਖੀ ਬਾਹਰ ਕੱਢ ਕੇ ਸੁੱਟ ਦੇਈਦੀ ਹੈ।
ਵਿਦਵਾਨ ਸੇਖੋ ਸਾਹਿਬ ਨੇ ‘ਰੀਝਾਂ ਤੇ ਰਮਜ਼ਾਂ’ ਵਿੱਚ ਲਿਖਿਆ ਕਿ ਪੰਜਾਬੀ ਗਰਬ ਦੇ ਹੱਕਦਾਰ ਬਾਹਮਣ, ਖੱਤਰੀ, ਦਲਿਤ ਜਾਂ ਮੁਸਲਮਾਨ ਨਹੀਂ, ਸਿਰਫ਼ ਕਿਸਾਨ ਹਨ। ਵਿਰਕ ਸਾਹਿਬ ਦੀ ਕਹਾਣੀ ‘ਉਜਾੜ’ ਦੇ ਆਲਾ ਸਿੰਘ ਨੂੰ ਇਤਰਾਜ਼ ਹੈ ਕਿ ਕਮੀਨ ਅਤੇ ਖੱਤਰੀ ਉਹਦੇ ਸਾਹਮਣੇ ਤਖ਼ਤਪੋਸ਼ ‘ਤੇ ਕਿਉਂ ਬਹਿਣ ਲੱਗ ਪਏ ਹਨ! ਇਹਨੂੰ ਕਹਿੰਦੇ ਹਨ ‘ਜਿਹਦਾ ਦਰਬ ਉਹਦਾ ਗਰਬ’।
ਜੇ ਕਿਸੇ ਦਲਿਤ ਨੂੰ ਵੀ ਪੰਜਾਬ ਦਾ ਮੁਖਮੰਤਰੀ ਬਣਨ ਦਾ ਮੌਕਾ ਮਿਲਿਆ ਹੁੰਦਾ ਤਾਂ ਇੱਥੇ ‘ਖੇਤੀਬਾੜੀ ਯੂਨੀਵਰਸਿਟੀ’ ਦੇ ਨਾਲ ‘ਲੈਦਰ ਅਤੇ ਖਾਦੀ ਯੂਨੀਵਰਸਿਟੀ’ ਬਣ ਸਕਦੀ ਸੀ, ‘ਇਸਪਾਤ ਅਤੇ ਟਿੰਬਰ ਯੂਨੀਵਰਸਿਟੀ’ ਖੁੱਲ੍ਹ ਸਕਦੀ ਸੀ। ਇਸੇ ਤਰ੍ਹਾਂ ਅਤੇ ਹੋਰ ਕਈ ਕਿੱਤਿਆਂ ਨਾਲ ਸਬੰਧਤ ਯੂਨੀਵਰਸਿਟੀਆਂ ਬਣੀਆਂ ਹੁੰਦੀਆਂ ਤਾਂ ਪੰਜਾਬ ਵਿੱਚ ਹਰੇ ਇਨਕਲਾਬ ਦੇ ਨਾਲ ਹੋਰ ਕਈ ਇਨਕਲਾਬ ਆਏ ਹੋਣੇ ਸਨ।
ਪੰਜਾਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਮੂੰਹ ਬੋਲਦੀ ਤਸਵੀਰ ਹੋਣੀ ਸੀ ਤੇ ਇੱਥੇ ਪੂਰਬੀਆਂ ਦੀ ਬਜਾਏ ਪੱਛਮੀ ਗੋਰੇ ਗੋਰੀਆਂ ਨੇ ਆਇਲਟਸ ਦੀ ਤਰ੍ਹਾਂ ਆਲਮੀ ਪੰਜਾਬੀ ਪ੍ਰੀਖਿਆ ਪਾਸ ਕਰਕੇ ਵੀਜ਼ੇ ਮੰਗਿਆ ਕਰਨੇ ਸਨ। ਇਸ ਤਰ੍ਹਾਂ ਪੰਜਾਬੀਆਂ ਦੀ ਜੂਨ ਤਾਂ ਸੁਧਰਨੀ ਹੀ ਸੀ ਨਾਲ ਪੰਜਾਬੀ ਦਾ ਵੀ ਪਾਰ ਉਤਾਰਾ ਹੋ ਜਾਣਾ ਸੀ। ਪੰਜਾਬੀ ਨੇ ਆਲਮੀ ਭਾਸ਼ਾ ਦੇ ਪੰਘੂੜੇ ‘ਤੇ ਬਿਰਾਜਮਾਨ ਹੋ ਸਕਣਾ ਸੀ।
ਜੇ ਅਜਿਹਾ ਨਹੀਂ ਹੋ ਸਕਿਆ ਤਾਂ ਉਹਦਾ ਕਾਰਣ ਇਹੀ ਹੈ ਕਿ ਪੰਜਾਬ ਵਿੱਚ ਸਿਰਫ ਕਿਸਾਨ ਨੂੰ ਹੀ ਇਨਸਾਨ ਮੰਨਿਆ ਗਿਆ ਤੇ ਕਿਸਾਨੀ ਨੂੰ ਇੱਕੋ ਇੱਕ ਕਿੱਤਾ ਮੰਨਿਆ ਗਿਆ। ਬਾਕੀ ਦੇ ਤਮਾਮ ਕਿੱਤੇ ਇਸ ਕਦਰ ਹਾਸ਼ੀਆਗ੍ਰਸਤ ਕਰ ਦਿੱਤੇ ਗਏ ਕਿ ਦਮ ਹੀ ਤੋੜ ਗਏ।
ਨਹੀਂ ਤਾਂ ਕੀ ਕਾਰਣ ਹੈ ਕਿ ਖੇਤੀ ਵਿੱਚ ਪਏ ਘਾਟੇ ਨੂੰ ਹੀ ਘਾਟਾ ਮੰਨਿਆ ਜਾਂਦਾ ਹੈ ਤੇ ਖੇਤੀ ‘ਚ ਹੋਏ ਨੁਕਸਾਨ ਨੂੰ ਹੀ ਨੁਕਸਾਨ ਸਮਝਿਆ ਜਾਂਦਾ ਹੈ। ਕਦੀ ਸੁਣਿਆਂ ਕਿਸੇ ਕਿਰਤੀ ਨੂੰ ਵੀ ਪਏ ਘਾਟੇ ਦਾ ਕਦੀ ਮੁਆਵਜ਼ਾ ਮਿਲਿਆ ਹੋਵੇ?
ਜੇ ਕਿਰਤ ਵੀ ਕਿਸੇ ਦੇ ਧਿਆਨ ਵਿੱਚ ਹੁੰਦੀ ਤਾਂ ਚਮਾਰ ਦੀ ਰੰਬੀ, ਨਾਈ ਦਾ ਉਸਤਰਾ, ਝੀਰ ਦੀ ਭੱਠੀ, ਜਲਾਹੇ ਦੀ ਖੱਡੀ, ਲੁਹਾਰ ਦਾ ਅਹਿਰਨ, ਤਰਖਾਣ ਦਾ ਰੰਦਾ, ਕਲਾਲ ਦਾ ਧੰਦਾ ਤੇ ਘੁਮਾਰ ਦੇ ਚੱਕ ਨੇ ਇਸ ਤਰ੍ਹਾਂ ਚੱਲਣੋ ਨਹੀਂ ਸੀ ਰੁਕਣਾ।
ਰੁਕੇ ਹੋਏ ਜਾਂ ਰੋਕੇ ਗਏ ਇਹ ਤਮਾਮ ਕਿੱਤੇ ਮੁੜ ਜਾਰੀ ਹੋ ਸਕਦੇ ਹਨ ਜੇ ਕਰ ਅਸੀਂ ਭਗਤ ਰਵਿਦਾਸ ਜੀ ਨੂੰ ਭਗਤ ਅਤੇ ਗੁਰੂ ਦੇ ਬਖੇੜੇ ‘ਚ ਨਾ ਪਾਈਏ, ਅੰਬੇਦਕਰ ਨੂੰ ਪੂਜਣ ਦੀ ਬਜਾਏ ਉਹਨੂੰ ਪੜ੍ਹੀਏ, ਕਿਸੇ ਜਾਤ ਨੂੰ ਨਫਰਤ ਕਰਨ ਦੀ ਬਜਾਏ ਜਾਤ-ਪਾਤ ਨੂੰ ਸਮਝੀਏ, ਮਨੂ ਸਿਮਰਤੀ ਨੂੰ ਕੁੱਟਣ ਦੀ ਬਜਾਏ ਮਨ ਨੂੰ ਕੁੱਟੀਏ, ਕਿਉਂਕਿ ਝਗੜਾ ਗ੍ਰੰਥਾਂ ਦਾ ਨਹੀਂ, ਦਿਲ ਦੀਆਂ ਗੰਢਾਂ ਦਾ ਹੈ। ਹਰ ਸ਼ਹੀਦ ਨੂੰ ਦਲਿੱਤ ਸਾਬਤ ਕਰਕੇ ਕੁਝ ਨਹੀਂ ਹਾਸਲ ਹੋਣਾ। ਮੁਕਤੀ ਮਾਰਗ ਭਗਤੀ ਵਿੱਚ ਹੈ, ਭਗਤਾਂ ਦੇ ਬੁੱਤ ਵਿੱਚ ਨਹੀਂ ਤੇ ਜਿਹੜੇ ਨੇਤਾ ਜਿਉਂਦੇ ਜੀ ਕਿਸੇ ਦਾ ਕੁਝ ਨਾ ਸੁਆਰ ਸਕੇ, ਉਨ੍ਹਾਂ ਦੇ ਬੁੱਤ ਕੀ ਕਰਨਗੇ!
ਨਿੱਕੇ ਹੁੰਦਿਆਂ ਬਾਤ ਸੁਣੀ ਸੀ ਕਿ ਚਿੜੀ ਅਤੇ ਕਾਂ ਨੇ ਰਲ ਕੇ ਖੇਤੀ ਕਰਨੀ ਸ਼ੁਰੂ ਕੀਤੀ। ਕਾਂ ਚਲਾਕ ਸੀ ਤੇ ਚਿੜੀ ਭੋਲੀ ਸੀ। ਕਾਂ ਹਰ ਕੰਮ ਚਿੜੀ ਦੇ ਹਿੱਸੇ ਕਰ ਦਿੰਦਾ ਤੇ ਕਿਹਾ ਕਰੇ ‘ਤੂੰ ਚੱਲ, ਮੈਂ ਆਉਨਾ’। ਉਹ ਕਿਰਤ ਕਰਦੀ, ਇਹ ਹੁਕਮ ਚਲਾਉਂਦਾ।
ਫ਼ਸਲ ਪੱਕੀ, ਵਾਢੀ ਪਈ, ਤੂੜੀ ਤੇ ਦਾਣਿਆਂ ਦਾ ਢੇਰ ਲੱਗ ਗਿਆ। ਕਾਂ ਨੇ ਚਲਾਕੀ ਨਾਲ ਦਾਣੇ ਆਪ ਰੱਖ ਲਏ ਤੇ ਚਿੜੀ ਨੂੰ ਤੂੜੀ ਦੇ ਦਿੱਤੀ। ਚਿੜੀ ਭੁੱਖ ਨਾਲ ਵਿਲਕ ਰਹੀ ਸੀ ਤੇ ਕਾਂ ਦਾਣੇ ਖਾ ਖਾ ਆਫਰ ਗਿਆ। ਅਚਾਨਕ ਬੜਾ ਭਾਰਾ ਮੀਂਹ ਆ ਗਿਆ ਤਾਂ ਚਿੜੀ ਤੂੜੀ ਦੇ ਢੇਰ ਵਿੱਚ ਲੁਕ ਗਈ। ਮੀਂਹ ਹਟੇ ਤੇ ਚਿੜੀ ਬਾਹਰ ਨਿਕਲੀ ਤਾਂ ਕਾਂ ਦਾਣਿਆਂ ਦੇ ਢੇਰ ‘ਤੇ ਮਰਿਆ ਪਿਆ ਸੀ; ਵਿਚਾਰਾ ਉੜ ਵੀ ਨਾ ਸਕਿਆ।
‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ’ ਦਸਮੇਸ਼ ਪਿਤਾ ਦਾ ਐਲਾਨ ਸੀ, ਜਿਸ ‘ਤੇ ਫੁੱਲ ਚਾੜ੍ਹਦਿਆਂ ਚਿੜੀਆਂ ਨੇ ਕਹਿਰ ਦੇ ਤਸੀਹੇ ਝੱਲ ਝੱਲ ਕੇ ਬਾਜ਼ ਦੁੜਾ ਦਿੱਤੇ, ਪਰ ਜਿਸ ਦਗ਼ੇਬਾਜ਼ ਨੂੰ ਅੱਜ ਕੁਦਰਤ ਦਗ਼ਾ ਦੇ ਗਈ ਹੈ, ਉਸ ਕਾਂ ਦਾ ਕੀ ਕਰਨ?
ਉਹ ਹਰੇ ਇਨਕਲਾਬ ਦੇ ਢੇਰ ‘ਤੇ ਖ਼ੁਦਕੁਸ਼ੀਆਂ ਕਰ ਰਿਹਾ ਹੈ ਤੇ ਚਿੜੀਆਂ ਤੂੜੀ ਦੇ ਢੇਰ ਵਿੱਚ ਲੁਕ ਲੁਕ ਕੇ ਫਾਕੇ ਕੱਟ ਰਹੀਆਂ ਹਨ। ਇਹ ਭੁੱਖ ਨਾਲ ਮਰ ਰਹੀਆਂ ਹਨ, ਉਹ ਖਾ ਖਾ ਕੇ ਮਰ ਰਿਹਾ ਹੈ। ਚਿੜੀਆਂ ਨੂੰ ਚਾਹੀਦਾ ਹੈ ਕਿ ਨਫ਼ਰਤਾਂ ਨੂੰ ਅੱਗ ਲਾਓਣ ਤੇ ਕਾਂ ਭਾਈ ਨੂੰ ਆਪਣੇ ਹਿੱਸੇ ਆਈ ਤੂੜੀ ‘ਚ ਲੁਕਣ ਅਤੇ ਬਚਣ ਜੋਗੀ ਥਾਂ ਦੇਣ। ਉਹਤੋਂ ਬਿਨਾ ਇਨ੍ਹਾਂ ਵੀ ਜੀ ਕੇ ਕੀ ਲੈਣਾ। ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਜੀਣ ਵਿੱਚ ਹੀ ਨਹੀਂ ਹੁੰਦਾ, ਮਰਨ ਵਿੱਚ ਵੀ ਹੁੰਦਾ ਹੈ।
_____________________________
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today : All right Reserve 2016 - 2024 |