ਸ਼੍ਰੀਗਿਰੀਸ਼ ਜਲੀਹਾਲ, ਤਪੱਸਿਆ ਅਤੇ ਨਿਤਿਨ ਸੇਠੀ / ਦਿ ਰਿਪੋਰਟਰਸ ਕਲੈਕਟਿਵ
ਗੁਜਰਾਤ ਦੇ ਅਮਰੇਲੀ ਕਸਬੇ ਦੇ ਦੋ ਸ਼ਮਸ਼ਾਨਘਾਟਾਂ ਵਿੱਚੋਂ ਇੱਕ ਕੈਲਾਸ਼ ਮੁਕਤੀ ਧਾਮ ਵਿੱਚ, ਮ੍ਰਿਤਕ ਸ਼ਰੀਰਾਂ ਨੂੰ ਅਗਨ ਭੇਟ ਕਰਨ ਵਾਲੀਆਂ ਚਾਰ ਭੱਠੀਆਂ ਮਲਬੇ ਦਾ ਰੂਪ ਧਾਰ ਚੁਕੀਆਂ ਹਨ। ਲੋਹੇ ਦੀ ਗਰਿੱਲਾਂ ਜਿਸ ਤੇ ਲਾਸ਼ਾਂ ਨੂੰ ਰਖਿਆ ਜਾਂਦਾ ਸੀ, ਲਗਾਤਾਰ ਚਿਤਾ ਦੀ ਅੱਗ ਵਿੱਚ ਸੜਨ ਕਾਰਨ ਪਿਘਲੀਆਂ ਪਈਆਂ ਹਨ।
ਸ਼ਮਸ਼ਾਨਘਾਟ ਵਿਖੇ ਸੇਵਾ ਕਰਨ ਵਾਲੇ ਸਮਾਜਸੇਵੀ ਕਿਸਾਨ ਮਗਨਭਾਈ ਅਨੁਸਾਰ, “ਉਸ ਇੱਕ ਮਹੀਨੇ ਦੌਰਾਨ ਚਿਤਾ ਲਗਾਤਾਰ ਹਰ ਰੋਜ਼ 24 ਘੰਟੇ ਬਲਦੀ ਸੀ।”
ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਵੀ ਕੰਬਣੀ ਛਿੜ ਜਾਂਦੀ ਹੈ ਜਦੋਂ ਅਪ੍ਰੈਲ ਅਤੇ ਮਈ 2021 ਦੌਰਾਨ ਕੋਵਿਡ-19 ਦੀ ਮਾਰ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸ਼ਮਸ਼ਾਨਘਾਟ ਦੇ ਵਾਲੰਟੀਅਰਾਂ ਨੂੰ ਮਦਦ ਲਈ ਸਥਾਨਕ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣੇ ਪਏ ਕਿਉਂਕਿ ਬਾਲਣ ਦੀ ਸਪਲਾਈ ਖਤਮ ਹੋ ਗਈ ਸੀ। 20 ਦੇ ਲਗਭਗ ਸਮਾਜਸੇਵੀਆਂ ਦੀ ਟੀਮ ਦੇ ਤਿੰਨ ਮੈਂਬਰ ਵਾਇਰਸ ਕਾਰਨ ਦਮ ਤੋੜ ਗਏ।
ਦੋ ਮਹੀਨਿਆਂ ਵਿੱਚ, ਦੋ ਸ਼ਮਸ਼ਾਨਘਾਟਾਂ ਵਿੱਚ 1,161 ਸਸਕਾਰ ਕੀਤੇ ਗਏ। ਕਿਉਂਕਿ ਉਥੇ ਇੰਨੇ ਹੀ ਹੋ ਸਕਦੇ ਸੀ, ਇਸ ਲਈ ਬਾਕੀ ਲਾਸ਼ਾਂ ਨੂੰ ਨੇੜਲੇ ਪਿੰਡਾਂ ਵਿੱਚ ਭੇਜਿਆ ਗਿਆ। ਸਥਾਨਕ ਮੁਸਲਿਮ ਕਬਰਿਸਤਾਨ ਵਿੱਚ ਵੀ 100 ਦਫ਼ਨਾਏ ਗਏ। ਲਾਸ਼ਾਂ ਦੀ ਵੱਧ ਗਿਣਤੀ ਕਰਕੇ ਕਬਰਾਂ ਖੋਦਣ ਲਈ ਮਸ਼ੀਨਾਂ ਦੀ ਵੀ ਵਰਤੋਂ ਕਰਨੀ ਪਈ
ਕੋਵਿਡ-19 ਦੀ ਦੂਜੀ ਲਹਿਰ ਦਾ ਕਹਿਰ ਗੁਜਰਾਤ ਦੇ ਹਰ ਕਸਬੇ ਵਿੱਚ ਪਸਰ ਗਿਆ ਸੀ, ਜਿਵੇਂ ਕਿ ਬਾਕੀ ਭਾਰਤ ਵਿੱਚ, ਜਿਸ ਕਾਰਨ ਮੌਤਾਂ ਦੀ ਲੜੀ ਟੁੱਟ ਨਹੀਂ ਰਹੀ ਸੀ। ਗੁਜਰਾਤ ਹਾਈ ਕੋਰਟ ਨੇ ਭਾਵੇਂ ਰਾਜ ਸਰਕਾਰ ਨੂੰ ਮੌਤ ਦੇ ਸਹੀ ਅੰਕੜੇ ਪ੍ਰਕਾਸ਼ਤ ਨਾ ਕਰਨ ਲਈ ਫਟਕਾਰ ਵੀ ਲਾਈ ਪਰ, ਸਰਕਾਰ ਨੇ ਦਾਅਵਾ ਕੀਤਾ ਕਿ 2020 ਵਿਚ ਸ਼ੁਰੂ ਹੋਈ ਮਹਾਂਮਾਰੀ ਦੀਆਂ ਦੋ ਲਹਿਰਾਂ ਦੌਰਾਨ ਸਿਰਫ 10,075 (ਇਹ ਰਿਪੋਰਟ ਲਿਖਣ ਵੇਲੇ ਤੱਕ) ਲੋਕਾਂ ਦੀ ਕੋਵਿਡ ਕਾਰਨ ਮੌਤ ਹੋਈ ਸੀ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਗੁਜਰਾਤ ਨੇ ਕੋਵਿਡ ਸੰਕਟ ਨੂੰ ਚੰਗੀ ਤਰ੍ਹਾਂ ਸੰਭਾਲਿਆ।’
ਗੁਜਰਾਤ ਦੇ ਅਮਰੇਲੀ ਦੇ ਸਿਰਫ ਇੱਕ ਸ਼ਮਸ਼ਾਨਘਾਟ ਵਿੱਚ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ 7.5 ਮੌਤ ਰਜਿਸਟਰ ਭਰ ਗਏ ਸਨ।
ਹਰ ਰਜਿਸਟਰ ਵਿੱਚ 100 ਪੰਨੇ ਹੁੰਦੇ ਹਨ। ਫ਼ੋਟੋ : ਸ਼੍ਰੀਗਿਰੇਸ਼ ਜਲੀਹਾਲ/ਦਿ ਰਿਪੋਰਟਰਜ਼ ਕਲੈਕਟਿਵ
ਹੁਣ, ਸਰਕਾਰੀ ਰਿਕਾਰਡ ਦੇ ਸਬੂਤ ਜ਼ਾਹਿਰ ਕਰਦੇ ਹਨ ਕਿ ਰਾਜ ਨੇ ਮੌਤਾਂ ਦੀ ਗਿਣਤੀ ਅਤੇ ਤਬਾਹੀ ਦੇ ਅਸਲ ਮੰਜ਼ਰ ‘ਤੇ ਇੱਕ ਸੰਘਣਾ ਪਰਦਾ ਪਾਇਆ ਹੈ।
ਰਿਪੋਰਟਰਜ਼ ਕੁਲੈਕਟਿਵ ਨੇ ਰਾਜ ਦੀਆਂ 170 ਵਿੱਚੋਂ 68 ਨਗਰ ਪਾਲਿਕਾਵਾਂ ਤੋਂ ਮੌਤ ਰਜਿਸਟਰਾਂ ਦੀਆਂ ਕਾਪੀਆਂ ਪ੍ਰਾਪਤ ਕੀਤੀਆਂ ਹਨ। ਇਹ ਉਹ ਰਜਿਸਟਰ ਹਨ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਅਧਿਕਾਰੀਆਂ ਦੁਆਰਾ ਮੌਤ ਅਤੇ ਮ੍ਰਿਤਕਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ। ਅਸੀਂ ਜਨਵਰੀ 2019 ਤੋਂ ਅਪ੍ਰੈਲ 2021 ਵਿਚਾਲੇ ਸਮੇਂ ਦੌਰਾਨ ਹੱਥਾਂ ਨਾਲ ਭਰੇ ਰਜਿਸਟਰਾਂ ਦੀਆਂ ਕਾਪੀਆਂ ਇਕੱਤਰ ਕੀਤੀਆਂ, ਜੋ ਹਜ਼ਾਰਾਂ ਪੰਨਿਆਂ ਦੀਆਂ ਹਨ।
ਮੌਤ ਰਜਿਸਟਰਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 68 ਨਗਰ ਪਾਲਿਕਾਵਾਂ ਵਿੱਚ, ਮਾਰਚ 2020 ਤੋਂ ਅਪ੍ਰੈਲ 2021 ਤਕ ਦੇ ਸਮੇਂ ਦੌਰਾਨ 16,892 ਵਧੇਰੇ ਲੋਕਾਂ ਦੀ ਮੌਤ, ਸਾਲ 2019 ਦੇ ਇਸੇ ਸਮੇਂ ਦੇ ਮੁਕਾਬਲੇ (ਮਹਾਂਮਾਰੀ ਤੋਂ ਪਹਿਲਾਂ ਦੇ ਸਾਲ ਦੇ ਮੁਕਾਬਲੇ) ਹੋਈ ਹੈ। ਧਿਆਨਯੋਗ ਗੱਲ ਇਹ ਹੈ 68 ਨਗਰ ਪਾਲਿਕਾਵਾਂ ਦੀ ਵਸੋਂ ਸੂਬੇ ਦੀ ਕੁਲ 6.03 ਕਰੋੜ ਆਬਾਦੀ ਦਾ 6% ਬਣਦੀ ਹੈ।
ਇਸੇ ਗਿਣਤੀ ਨੂੰ ਸਰਲ ਅਨੁਪਾਤ ਦੀ ਵਰਤੋਂ ਕਰਦੇ ਹੋਏ ਪੂਰੇ ਗੁਜਰਾਤ ਦੇ ਅੰਕੜਿਆਂ ਨੂੰ ਧਿਆਨ ਚ ਰੱਖਦਿਆਂ ਅਸੀਂ ਅੰਦਾਜ਼ਾ ਲਗਾਇਆ ਹੈ ਕਿ ਮਹਾਂਮਾਰੀ ਕਾਰਨ ਰਾਜ ਵਿੱਚ ਘੱਟੋ ਘੱਟ 2.81 ਲੱਖ ਵਧੇਰੇ ਮੌਤਾਂ ਹੋਈਆਂ ਹਨ। ਗੌਰ ਕਰੋ, ਇਹ ਗੁਜਰਾਤ ਵਿੱਚ ਕੋਵਿਡ -19 ਨਾਲ ਸਬੰਧਤ ਮੌਤਾਂ ਦੀ ਗਿਣਤੀ ਦੇ ਸਰਕਾਰੀ ਦਾਅਵਿਆਂ ਤੋਂ 27 ਗੁਣਾ ਵੱਧ ਹੈ।
ਹਾਰਵਰਡ ਟੀ ਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਵਿਖੇ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਕੈਰੋਲੀਨ ਬੁੱਕੀ ਅਨੁਸਾਰ “ਇਨ੍ਹਾਂ ਨਗਰ ਪਾਲਿਕਾਵਾਂ ਦੀ ਵਧੇਰੇ ਮੌਤਾਂ ਦੀ ਗਿਣਤੀ ਤੋਂ ਅੰਦੇਸ਼ਾ ਹੁੰਦਾ ਹੈ ਕਿ ਸੰਬੰਧਤ ਅਧਿਕਾਰਤ ਕੋਵਿਡ-19 ਮੌਤਾਂ ਦੀ ਗਿਣਤੀ ਚੋਂ ਕੋਵਿਡ-19 ਮੌਤਾਂ ਦਾ ਇੱਕ ਵੱਡਾ ਹਿੱਸਾ ਗਾਇਬ ਹੈ।”
“ਵਧੇਰੇ ਮੌਤਾਂ ” ਜਾਣਨ ਦਾ ਇਕ ਸਰਲ ਤਰੀਕਾ ਇਹ ਹੈ ਕਿ ਮਹਾਂਮਾਰੀ ਦੌਰਾਨ ਹੋਈਆਂ ਕੁੱਲ ਮੌਤਾਂ ਦੀ ਤੁਲਨਾ ਪਿਛਲੇ ਸਾਲ ਦੇ ਉਸੇ ਸਮੇਂ ਦੇ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲ ਕੀਤਾ ਜਾਵੇ।
ਇਹ ਜ਼ਰੂਰ ਹੈ ਕਿ ਸਾਰੀਆਂ ਵਧੇਰੇ ਮੌਤਾਂ ਨੂੰ ਕੋਵਿਡ-19 ਨਾਲ ਨਹੀਂ ਜੋੜਿਆ ਜਾ ਸਕਦਾ। ਪਰ, ਮੌਤਾਂ ਦੇ ਵਾਧੇ ਦਾ ਕੋਈ ਹੋਰ ਕਾਰਨ ਨਾ ਹੋਣ ਕਰਕੇ, ਮਾਹਿਰ ਇਨ੍ਹਾਂ ਵਧੇਰੇ ਮੌਤਾਂ ਵਿੱਚੋਂ ਜ਼ਿਆਦਾਤਰ ਮੌਤਾਂ ਦਾ ਕਾਰਨ ਕੋਵਿਡ -19 ਮਹਾਂਮਾਰੀ ਅਤੇ ਜਨਤਕ ਸਿਹਤ ਸੰਭਾਲ ਤੱਕ ਪਹੁੰਚ ਦੀ ਘਾਟ ਦੱਸਦੇ ਹਨ।
ਗੁਜਰਾਤ ਵਿੱਚ ਵਧੇਰੇ ਮੌਤਾਂ ਦਾ ਇਹ ਅੰਕੜਾ ਵੀ ਕੋਈ ਅੰਤਿਮ ਗਿਣਤੀ ਨਹੀਂ ਹੈ ਕਿਉਂਕਿ ਨਗਰ ਪਾਲਿਕਾਵਾਂ ਦੇ ਅੰਕੜਿਆਂ ਵਿੱਚ ਪੇਂਡੂ ਖੇਤਰ ਸ਼ਾਮਲ ਨਹੀਂ ਹਨ, ਜੋ ਕਿ ਕੁੱਲ ਆਬਾਦੀ ਦਾ 57% ਹੈ ਅਤੇ ਜੋ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਜਨਤਕ ਸਿਹਤ ਦੀ ਘੱਟੋ ਘੱਟ ਪਹੁੰਚ ਰੱਖਦਾ ਹੈ। ਅਸੀਂ ਮਈ 2021 ਦੇ ਅੰਕੜਿਆਂ ਨੂੰ ਵੀ ਬਾਹਰ ਰੱਖਿਆ ਹੈ, ਜਿਸ ਦੌਰਾਨ ਅਧਿਕਾਰਤ ਅੰਕੜਿਆਂ ਅਨੁਸਾਰ ਵੀ ਅਪ੍ਰੈਲ ਦੇ ਮੁਕਾਬਲੇ ਵਧੇਰੇ ਮੌਤਾਂ ਵੇਖੀਆਂ ਗਈਆਂ ਹਨ। ਇਹ ਇਸ ਲਈ ਕਿਉਂਕਿ 68 ਵਿੱਚੋਂ ਸਿਰਫ ਤਿੰਨ ਨਗਰ ਪਾਲਿਕਾਵਾਂ ਕੋਲ ਮਈ ਦੇ ਅੰਤ ਤੱਕ ਦੇ ਸਮੇਂ ਦਾ ਅੰਕੜਾ ਮੌਜੂਦ ਸੀ।
ਇਕੱਲੇ ਅਪ੍ਰੈਲ 2021 ਵਿੱਚ, ਸਮੀਖਿਆ ਅਧੀਨ ਗੁਜਰਾਤ ਦੀ 6% ਆਬਾਦੀ ਵਿੱਚ 10,238 ਵਾਧੂ ਮੌਤਾਂ ਹੋਈਆਂ, ਜੋ ਕਿ ਸਮੁੱਚੇ ਮਹਾਂਮਾਰੀ ਸਮੇਂ ਦੇ 10,077 ਦੇ ਅਧਿਕਾਰਤ ਰਾਜ ਵਿਆਪੀ ਮੌਤਾਂ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਹਨ।
ਇਸ ਉਦਾਹਰਣ ਤੋਂ ਸਿਰਫ ਅਪ੍ਰੈਲ 2021 ਵਿੱਚ ਰਾਜ ਵਿੱਚ 1.71 ਲੱਖ ਵਾਧੂ ਮੌਤਾਂ ਦਾ ਅਨੁਮਾਨ ਲਗਾਇਆ ਗਿਆ ਸੀ। ਅਤੇ ਸਾਨੂੰ ਅਜੇ ਵੀ ਮਈ 2021 ਦੇ ਅੰਕੜਿਆਂ ਬਾਰੇ ਪਤਾ ਨਹੀਂ ਹੈ, ਜਦੋਂ ਵਾਇਰਸ ਦੀ ਲਾਗ ਅਸਲ ਵਿੱਚ ਸਿਖਰ ‘ਤੇ ਸੀ।
ਇਨ੍ਹਾਂ ਨਗਰ ਪਾਲਿਕਾਵਾਂ ਦੇ ਹਜ਼ਾਰਾਂ ਪੰਨਿਆਂ ਵਾਲੇ ਮੌਤ ਰਜਿਸਟਰਾਂ ਨੇ ਸਰਕਾਰੀ ਝੂਠ ਨੂੰ ਜ਼ਿਲ੍ਹਾ-ਬਾ-ਜ਼ਿਲ੍ਹਾ ਬੇਪਰਦ ਕੀਤਾ ਹੈ।
ਤੁਸੀਂ 2011 ਦੇ ਜਨਗਣਨਾ ਦੇ ਅੰਕੜਿਆਂ ਅਨੁਸਾਰ 17,56,268 ਦੀ ਆਬਾਦੀ ਵਾਲੇ ਸੌਰਾਸ਼ਟਰ ਖੇਤਰ ਦਾ ਇੱਕ ਜ਼ਿਲ੍ਹਾ ਸੁਰੇਂਦਰਨਗਰ ਹੀ ਲਵੋ। ਸਰਕਾਰ ਅਨੁਸਾਰ, ਜ਼ਿਲ੍ਹੇ ਵਿੱਚ ਕੁੱਲ 136 ਕੋਵਿਡ-19 ਮੌਤਾਂ ਹੋਈਆਂ ਸਨ। ਪਰ ਮੌਤ ਰਜਿਸਟਰ ਦਰਸਾਉਂਦਾ ਹੈ ਕਿ ਇੱਕ ਨਗਰਪਾਲਿਕਾ, ਜੋ ਕਿ ਜ਼ਿਲ੍ਹੇ ਦੀ ਆਬਾਦੀ ਦਾ ਲਗਭਗ 14% ਹਿੱਸਾ ਹੈ, ਵਿੱਚ ਹੀ ਮਾਰਚ ਅਤੇ ਅਪ੍ਰੈਲ 2021 ਦੇ ਵਿੱਚ 1,210 ਵਾਧੂ ਮੌਤਾਂ ਹੋਈਆਂ।
ਮਿਡਲਸੇਕਸ ਯੂਨੀਵਰਸਿਟੀ, ਲੰਡਨ ਦੇ ਇੱਕ ਗਣਿਤ ਸ਼ਾਸਤਰੀ ਮੁਰਾਦ ਬਾਨਜੀ ਜੋ ਕੋਰੋਨਾ ਮਾਮਲਿਆਂ ‘ਤੇ ਤਿੱਖੀ ਨਜ਼ਰ ਰੱਖਦੇ ਹਨ, ਅਨੁਸਾਰ ,“ਸਪੱਸ਼ਟ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ, ਅਜਿਹਾ ਲਗਦਾ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਕੋਵਿਡ -19 ਮੌਤਾਂ ਦਾ ਰਿਕਾਰਡ ਨਹੀਂ ਹੈ। ਇਸ ਦੇ ਕਈ ਕਾਰਨ ਜਾਪਦੇ ਹਨ। ਕੁਝ ਮਾਮਲਿਆਂ ਵਿੱਚ, ਮੌਤਾਂ ਦੀ ਕਮਜ਼ੋਰ ਨਿਗਰਾਨੀ ਇੱਕ ਭੂਮਿਕਾ ਨਿਭਾ ਰਹੀ ਹੈ।”
“ਅਜਿਹਾ ਲਗਦਾ ਹੈ ਕਿ ਕੁਝ ਰਾਜ ਸਰਕਾਰਾਂ ਦੁਆਰਾ ਕੋਵਿਡ -19 ਮੌਤਾਂ ਦਰਜ ਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਲਈ, ਡੈਥ ਆਡਿਟ ਕਮੇਟੀਆਂ ਕੋਵਿਡ-19 ਦੇ ਮਰੀਜ਼ਾਂ ਦੀ ਮੌਤਾਂ ਨੂੰ ਅਧਿਕਾਰਤ ਗਿਣਤੀ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਗੁਜਰਾਤ ਸਮੇਤ ਕਈ ਰਾਜਾਂ ਤੋਂ ਇਸ ਬਾਰੇ ਰਿਪੋਰਟਾਂ ਆਈਆਂ ਹਨ” ਬਾਨਜੀ ਨੇ ਕਿਹਾ।
ਭਾਰਤ ਵਿੱਚ, ਰਾਜਨੀਤਿਕ ਕਾਰਨਾਂ ਕਰਕੇ ਮੌਤ ਦੇ ਅੰਕੜਿਆਂ ਨੂੰ ਦਬਾਉਣਾ ਅਤੇ ਮੌਤਾਂ ਦੇ ਕਾਰਨਾਂ ਦਾ ਅਨਿਯਮਿਤ ਵਰਗੀਕਰਨ ਵੀ ਕੋਵਿਡ ਨਾਲ ਸਬੰਧਤ ਮੌਤਾਂ ਦੀ ਸਹੀ ਗਿਣਤੀ ਕਰਨਾ ਅਸੰਭਵ ਬਣਾਉਂਦਾ ਹੈ। ਕੋਵਿਡ ਨਾਲ ਸਬੰਧਤ ਮੌਤਾਂ ਬਾਰੇ ਸਰਕਾਰੀ ਅੰਕੜਿਆਂ ਦੀ ਅਣਹੋਂਦ ਵਿੱਚ, ਮਾਹਿਰ ਵਿਸ਼ਵ ਪੱਧਰ ‘ਤੇ ਤਬਾਹੀ ਦੇ ਪੱਧਰ ਨੂੰ ਸਮਝਣ ਲਈ ‘ਵਾਧੂ ਮੌਤਾਂ’ ਦੇ ਅੰਕੜਿਆਂ ਨੂੰ ਪ੍ਰੌਕਸੀ ਵਜੋਂ ਵਰਤਣ ਦੀ ਸਿਫਾਰਸ਼ ਕਰਦੇ ਹਨ।
ਕੋਵਿਡ -19 ਦੀ ਲਾਗ ਕਾਰਨ ਸਿੱਧੇ ਤੌਰ ‘ਤੇ ਹੋਈਆਂ ਮੌਤਾਂ ਤੋਂ ਇਲਾਵਾ, ਬਹੁਤ ਸਾਰੀਆਂ ਵਧੇਰੇ ਮੌਤਾਂ ਲਾਗ ਜਾਂ ਕੋਵਿਡ ਤੋਂ ਬਾਅਦ ਦੇ ਮਾੜੇ ਪ੍ਰਭਾਵੀ ਨਤੀਜਿਆਂ ਜਿਵੇਂ ਕਿ ਖੂਨ ਦੇ ਥੱਕੇ , ਦਿਲ ਦਾ ਦੌਰਾ ਅਤੇ ਫੇਫੜਿਆਂ ਦੇ ਨੁਕਸਾਨੇ ਜਾਣ ਵਰਗੀਆਂ ਵਿਗੜਦੀਆਂ ਬਿਮਾਰੀਆਂ ਦਾ ਨਤੀਜਾ ਹੋ ਸਕਦੀਆਂ ਹਨ।
ਡਾਕਟਰ ਬਕੀ ਨੇ ਕਿਹਾ, “ਮਹਾਮਾਰੀ ਦੇ ਸਰਕਾਰੀ ਅੰਕੜੇ, ਮੌਤਾਂ ਦੀ ਗਿਣਤੀ ਮੌਤ ਰਜਿਸਟਰ ‘ਤੇ ਦਰਜ ਹੋਣ ਵਾਲੀਆਂ ਮੌਤਾਂ ਦੇ ਆਧਾਰ’ ਤੇ ਨਿਰਭਰ ਕਰਦੇ ਹਨ।”
“ਇਹ ਪ੍ਰਣਾਲੀ ਨੁਕਸਦਾਰ ਹੋ ਸਕਦੀ ਹੈ। ਮਹਾਂਮਾਰੀ ਦੇ ਸ਼ੁਰੂਆਤੀ ਪੜਾਵਾਂ ਵਿੱਚ ਜਾਂਚ ਦੇ ਮਾਪਦੰਡਾਂ ਦੀ ਘਾਟ, ਜਾਂਚ ਦੀ ਘਾਟ, ਰਾਜਨੀਤਕ ਦਖਲਅੰਦਾਜ਼ੀ ਆਦਿ ਕਾਰਨ, ਕੋਵਿਦ-19 ਮੌਤਾਂ ਦੀ ਸਹੀ ਨਿਸ਼ਾਨਦੇਹੀ ਨਾ ਹੋਣ ਪਿੱਛੇ ਵੀ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ। “
ਕੈਲੇਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਜਨਸੰਖਿਆ ਵਿਭਾਗ ਦੇ ਸਹਾਇਕ ਪ੍ਰੋਫੈਸਰ ਆਇਸ਼ਾ ਮਹਿਮੂਦ ਨੇ ਦੱਸਿਆ, “ਮਹਾਂਮਾਰੀ, ਲੰਮੀ ਜਨਤਕ ਸਿਹਤ ਸੰਕਟਕਾਲ ਹੈ – ਜਿਸ ਦੌਰਾਨ ਮੌਤਾਂ ਸਿਰਫ ਬਿਮਾਰੀ ਨਾਲ ਹੀ ਨਹੀਂ ਬਲਕਿ ਸਮਾਜਕ ਕਾਰਜ ਪ੍ਰਣਾਲੀ ਉੱਤੇ ਮਹਾਂਮਾਰੀ ਦੇ ਪ੍ਰਭਾਵ ਤੋਂ ਵੀ ਹੁੰਦੀਆਂ ਹਨ।”
ਬਾਨਜੀ ਨੇ ਸਿੱਟਾ ਕੱਢਿਆ, “ਦਰਅਸਲ, ਮੌਤਾਂ ਦੇ ਅਧਿਕਾਰਤ ਅੰਕੜਿਆਂ ਨਾਲੋਂ ਮਹਾਮਾਰੀ ਕਾਰਨ ਹੋਈ ਤਬਾਹੀ ਦੇ ਪ੍ਰਭਾਵ ਨੂੰ ਸਮਝਣ ਲਈ ਵਾਧੂ ਮੌਤਾਂ ਦੇ ਅੰਕੜੇ ਵਧੇਰੇ ਭਰੋਸੇਯੋਗ ਉਪਾਅ ਹੈ।”
ਨਗਰਪਾਲਿਕਾ ਪੱਧਰ ਦੇ ਮੌਤ ਰਜਿਸਟਰਾਂ ਦੇ ਅੰਕੜਿਆਂ ਦੇ ਅਧਾਰ ‘ਤੇ ਅਨੁਮਾਨਾਂ ਦੀ ਪੁਖਤਾਈ ਪਰਖਣ ਲਈ, ਰਿਪੋਰਟਰਜ਼ ਕੁਲੈਕਟਿਵ ਨੇ ਇੱਕ ਪੂਰੇ ਜ਼ਿਲ੍ਹੇ, ਬੋਟਾਡ ਦੇ ਮੌਤ ਦੇ ਰਿਕਾਰਡ ਦਾ ਅਧਿਐਨ ਕੀਤਾ, ਜਿਸ ਵਿੱਚ ਸ਼ਹਿਰੀ ਨਗਰ ਪਾਲਿਕਾਵਾਂ ਅਤੇ ਸਾਰੀਆਂ ਗ੍ਰਾਮ ਪੰਚਾਇਤਾਂ ਸ਼ਾਮਲ ਹਨ।
ਸਰਕਾਰ ਦਾ ਦਾਅਵਾ ਹੈ ਕਿ ਬੋਟਾਡ ਵਿੱਚ ਕੋਵਿਡ -19 ਨਾਲ ਸਬੰਧਤ ਬਿਮਾਰੀਆਂ ਕਾਰਨ ਸਿਰਫ 42 ਲੋਕਾਂ ਦੀ ਮੌਤ ਹੋਈ ਹੈ। ਪਰ ਮੌਤ ਦੇ ਰਿਕਾਰਡ ਦਰਸਾਉਂਦੇ ਹਨ ਕਿ ਮਾਰਚ 2020 ਤੋਂ ਜੂਨ 2021 ਦੇ ਸਮੇਂ ਦੌਰਾਨ ਜ਼ਿਲ੍ਹੇ ਵਿੱਚ 3,117 ਵਧੇਰੇ ਮੌਤਾਂ ਹੋਈਆਂ – ਜੋ ਕਿ ਸਰਕਾਰੀ ਅੰਕੜਿਆਂ ਨਾਲੋਂ 74 ਗੁਣਾ ਜ਼ਿਆਦਾ ਹਨ।
ਮੁਰਦਿਆਂ ਦੀ ਗਿਣਤੀ
ਕਈ ਹੋਰ ਰਾਜਾਂ ਦੀ ਤਰ੍ਹਾਂ ਗੁਜਰਾਤ ਵਿੱਚ ਵੀ ਕੋਵਿਡ ਨਾਲ ਹੋਈਆਂ ਮੌਤਾਂ ਦੀ ਅੰਕੜਿਆਂ ਦੀ ਅਸਲ ਜਾਣਕਾਰੀ ਸਥਾਨਕ ਮੀਡੀਆ ਦੁਆਰਾ ਸਾਹਮਣੇ ਲਿਆਂਦੀ ਗਈ। ਮਹਾਂਮਾਰੀ ਦੀ ਦੂਜੀ ਲਹਿਰ ਦੇ ਸਿਖਰ ‘ਤੇ, ਸ਼ਮਸ਼ਾਨਘਾਟ ਦੇ ਅੰਕੜਿਆਂ ਦੀ ਤੁਲਨਾ ਵਿੱਚ ਅਧਿਕਾਰਤ ਮੌਤ ਦੇ ਅੰਕੜਿਆਂ ਵਿੱਚ ਅੰਤਰ ਦੀਆਂ ਇਨ੍ਹਾਂ ਮੀਡੀਆ ਰਿਪੋਰਟਾਂ ਨੇ, ਸਰਕਾਰ ਦੇ ਮੰਤਵਾਂ ਅਤੇ ਸੱਚ ਨੂੰ ਛੁਪਾਉਣ ਦੇ ਯਤਨਾਂ ਦੀ ਪੋਲ ਖੋਲ ਕੇ ਸ਼ੁਰੂਆਤੀ ਚੇਤਾਵਨੀ ਵਜੋਂ ਕੰਮ ਕੀਤਾ।
ਇਸ ਤੋਂ ਬਾਅਦ, ਮੀਡੀਆ ਨੇ ਸਿਵਿਕ ਰਜਿਸਟ੍ਰੇਸ਼ਨ ਸਿਸਟਮ (ਸੀਆਰਐਸ) ਦੇ ਅੰਕੜਿਆਂ ਦੇ ਅਧਾਰ ‘ਤੇ ਵਧੇਰੇ ਮੌਤਾਂ ਦੇ ਅਨੁਮਾਨਾਂ ਦੀ ਵੀ ਰਿਪੋਰਟ ਕੀਤੀ, ਜਿਸ ਵਿੱਚ ਜਨਮ ਅਤੇ ਮੌਤ ਦੇ ਰਿਕਾਰਡਾਂ ਨੂੰ ਆਖਰਕਾਰ ਰਾਸ਼ਟਰੀ ਪੱਧਰ ‘ਤੇ ਇਕੱਠਾ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਇਸ ਦਾ ਬਚਾਅ ਇਹ ਕਹਿ ਕੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸੀਆਰਐਸ ਨੂੰ ਅਪਡੇਟ ਹੋਣ ਵਿੱਚ ਸਮਾਂ ਲੱਗਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ 4 ਅਗਸਤ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਸੀਆਰਐਸ ਅੰਕੜਿਆਂ ਨੂੰ ਇਕੱਤਰ ਕਰਨ, ਸੁਧਾਈ, ਸੰਖਿਆਵਾਂ ਅਤੇ ਸੰਖਿਆਵਾਂ ਨੂੰ ਪ੍ਰਕਾਸ਼ਤ ਕਰਨ ਦੀ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ, ਜੋ ਕਿ ਲੰਮੀ ਪ੍ਰਕਿਰਿਆ ਹੈ, ਪਰ ਇਹ ਸੁਨਿਸ਼ਚਿਤ ਕਰਦੀ ਹੈ ਕਿ ਕੋਈ ਵੀ ਮੌਤ ਨਾ ਖੁੰਝੇ। ਕਾਰਵਾਈ ਦੇ ਵਿਸਤਾਰ ਅਤੇ ਵਿਸ਼ਾਲਤਾ ਦੇ ਕਾਰਨ, ਸੰਖਿਆ ਆਮ ਤੌਰ ਤੇ ਅਗਲੇ ਸਾਲ ਪ੍ਰਕਾਸ਼ਤ ਕੀਤੀ ਜਾਂਦੀ ਹੈ।”
ਇਹ ਵੀ ਇੱਕ ਕਾਰਨ ਹੈ ਕਿ ਰਿਪੋਰਟਰਜ਼ ਕੁਲੈਕਟਿਵ ਨੇ ਮੌਤ ਦੇ ਰਿਕਾਰਡ ਦੇ ਮੁਢਲੇ ਸਰੋਤ, ਮੌਤ ਰਜਿਸਟਰ (ਜਿਸ ਤੋਂ ਸੀਆਰਐਸ ਦੇ ਅੰਕੜੇ ਅੱਪਡੇਟ ਹੁੰਦੇ ਹਨ) ਤੋਂ ਅੰਕੜਿਆਂ ਨੂੰ ਇਕੱਤਰ ਕਰਨ, ਅਨੁਵਾਦ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਤਿੰਨ ਮਹੀਨੇ ਬਿਤਾਏ।
ਖੇਦਬ੍ਰਹਮਾ ਨਗਰ ਪਾਲਿਕਾ ਦੇ ਮੌਤ ਰਜਿਸਟਰ ਦਾ ਇੱਕ ਪੰਨਾ. ਫ਼ੋਟੋ : ਸ਼੍ਰੀਗਿਰੇਸ਼ ਜਲੀਹਾਲ/ਦਿ ਰਿਪੋਰਟਰਜ਼ ਕਲੈਕਟਿਵ
ਗੁਜਰਾਤ ਵਿੱਚ, ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-20 ਦੇ ਅਨੁਸਾਰ, 93% ਮੌਤਾਂ ਦਰਜ ਕੀਤੀਆਂ ਗਈਆਂ ਸਨ। ਵੱਖ -ਵੱਖ ਕਾਰਨਾਂ ਕਰਕੇ ਸੱਤ ਪ੍ਰਤੀਸ਼ਤ ਮੌਤਾਂ ਦਰਜ ਹੋਣ ਤੋਂ ਰਹਿ ਗਈਆਂ। ਕਿਉਂਕਿ ਲੋਕ ਪਰਿਵਾਰ ਵਿੱਚ ਮੌਤ ਹੋਣ ਦੀ ਰਿਪੋਰਟ ਕਰਨ ਵਿੱਚ ਕੁਝ ਸਮਾਂ ਲਾ ਲੈਂਦੇ ਹਨ। ਮੌਤ ਰਜਿਸਟਰ, ਮੌਤ ਦੀ ਤਾਰੀਖ ਦੇ ਨਾਲ ਨਾਲ ਮੌਤ ਦੀ ਰਜਿਸਟਰੀ ਦੀ ਮਿਤੀ ਨੂੰ ਵੀ ਦਰਜ ਕਰਦਾ ਹੈ।
ਇਹ ਡਾਟਾ ਹੌਲੀ ਹੌਲੀ ਅੱਗੇ ਵਧਦਾ ਹੈ: ਨਗਰ ਪਾਲਿਕਾਵਾਂ (ਸ਼ਹਿਰੀ ਖੇਤਰਾਂ ਵਿੱਚ) ਅਤੇ ਗ੍ਰਾਮ ਪੰਚਾਇਤਾਂ (ਪੇਂਡੂ ਆਬਾਦੀਆਂ ਲਈ) ਤੋਂ ਲੈ ਕੇ ਜ਼ਿਲ੍ਹਾ ਮੁੱਖ ਦਫਤਰ ਤੱਕ ਜਿੱਥੇ ਇਸਨੂੰ ਰਾਜ ਪੱਧਰੀ ਤਸਵੀਰ ਦੇਣ ਲਈ ਡਿਜੀਟਾਈਜ਼ਡ ਸੀਆਰਐਸ ‘ਤੇ ਅਪਡੇਟ ਕੀਤਾ ਜਾਂਦਾ ਹੈ। ਪਰ ਰਾਜ ਪੱਧਰ ‘ਤੇ ਜਾਂਚ ਅਤੇ ਪ੍ਰਮਾਣਿਕਤਾ ਅਤੇ ਫਿਰ ਅੱਗੇ ਰਾਸ਼ਟਰੀ ਪੱਧਰ ‘ਤੇ ਵੀ ਸਮਾਂ ਲਗਦਾ ਹੈ। ਇਹ ਰਾਜਨੀਤਿਕ ਤੌਰ ‘ਤੇ ਸੁਵਿਧਾਜਨਕ ਬਹਾਨਾ ਹੈ ਜੋ ਕਿ ਕੇਂਦਰ ਸਰਕਾਰ ਆਮ ਤੌਰ ਤੇ ਦਿੰਦੀ ਰਹੀ ਹੈ ਕਿ ਮਹਾਂਮਾਰੀ ਕਾਰਨ ਹੋਈਆਂ ਵਧੇਰੇ ਮੌਤਾਂ ਦੀ ਗਿਣਤੀ ਦੇ ਮਾਹਿਰਾਂ ਦੁਆਰਾ ਸੁਤੰਤਰ ਵਿਸ਼ਲੇਸ਼ਣ ਨੂੰ ਰੋਕ ਦਿੱਤਾ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੀ ਜਨਸੰਖਿਆ ‘ਤੇ ਕੰਮ ਕਰਨ ਵਾਲੀ ਸੰਸਥਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਹਾਲਾਂਕਿ ਸੀਆਰਐਸ ਨੂੰ ਰਾਸ਼ਟਰੀ ਪੱਧਰ ‘ਤੇ ਅਸਲ ਜ਼ਮੀਨੀ ਅੰਕੜਿਆਂ ਨੂੰ ਦਰਸਾਉਣ ਵਿੱਚ ਦੋ ਸਾਲ ਲੱਗ ਸਕਦੇ ਹਨ, ਪਰੰਤੂ ਅੰਤਮ ਸੀਆਰਐਸ ਅੰਕੜਿਆਂ ਦੀ ਉਡੀਕ ਕੀਤੇ ਬਗੈਰ ਮੌਤ ਦਰ ਨੂੰ ਸਮਝਣ ਲਈ ਨਗਰਪਾਲਿਕਾਵਾਂ ਮੌਤ ਰਜਿਸਟਰ ਸਭ ਤੋਂ ਵਧੀਆ ਪ੍ਰਾਇਮਰੀ ਸਰੋਤ ਹਨ।”
ਅੰਕੜਿਆਂ ਦੀ ਪਾਰਦਰਸ਼ਤਾ
ਗੁਜਰਾਤ ਦੀਆਂ 68 ਨਗਰ ਪਾਲਿਕਾਵਾਂ ਦਾ ਅੰਕੜਾ ਦੇਸ਼ ਭਰ ਤੋਂ ‘ਵਧੇਰੇ ਮੌਤ ਦੇ ਅੰਕੜਿਆਂ’ ਨੂੰ ਇਕੱਠਾ ਕਰਨ ਅਤੇ ਪ੍ਰਕਾਸ਼ਤ ਕਰਨ ਦੀ ਰਿਪੋਰਟਰਸ ਕਲੇਟਕੀਵ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਖਬਰ ਲਿਖੇ ਜਾਣ ਤਕ 100 ਤੋਂ ਵੱਧ ਗੁਜਰਾਤ ਨਗਰਪਾਲਿਕਾਵਾਂ ਅਤੇ ਦੂਜੇ ਰਾਜਾਂ ਦੇ 35 ਤੋਂ ਵੱਧ ਜ਼ਿਲ੍ਹਿਆਂ ਦੇ ਮੌਤ ਦੇ ਰਿਕਾਰਡ ਇਕੱਠੇ ਕੀਤੇ ਜਾ ਚੁਕੇ ਹਨ।
ਇਹ ਅੰਕੜੇ ਕ੍ਰਿਏਟਿਵ ਕਾਮਨਜ਼ ਲਾਇਸੈਂਸ ਦੇ ਅਧੀਨ ਇੱਕ ਆਨਲਾਈਨ ‘ਵਾਲ ਆਫ ਗਰੀਫ਼’ ਤੇ ਜਨਤਕ ਤੌਰ ‘ਤੇ ਉਪਲਬਧ ਕਰਵਾਏ ਜਾ ਰਹੇ ਹਨ , ਜੋ ਸਿਵਲ ਸੁਸਾਇਟੀ, ਮੀਡੀਆ ਸੰਗਠਨਾਂ ਅਤੇ ਇਸ ਮਾਮਲੇ ‘ਚ ਦਿਲਚਸਪੀ ਰੱਖਣ ਵਾਲੇ ਹੋਰ ਵਿਅਕਤੀਆਂ ਵਲੋਂ ਉਨ੍ਹਾਂ ਲੋਕਾਂ ਨੂੰ ਸਾਂਝੇ ਤੌਰ ‘ਤੇ ਯਾਦ ਕਰਨ ਦੀ ਕੋਸ਼ਿਸ਼ ਹੈ, ਜਿਨ੍ਹਾਂ ਨੂੰ ਅਸੀਂ ਮਹਾਂਮਾਰੀ ਦੇ ਕਾਰਨ ਗੁਆ ਚੁੱਕੇ ਹਾਂ।
ਗੁਜਰਾਤ ਦੀਆਂ ਨਗਰ ਪਾਲਿਕਾਵਾਂ ਦੇ ਮੌਤ ਰਜਿਸਟਰਾਂ ਦਾ ਅੰਕੜਾ ਹਾਰਵਰਡ ਟੀਐਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਮਾਹਿਰਾਂ ਨਾਲ ਵੀ ਸਾਂਝਾ ਕੀਤਾ ਗਿਆ, ਜਿਨ੍ਹਾਂ ਨੇ ਪਹਿਲਾਂ ਪੋਰਟੋ ਰੀਕੋ ਵਿੱਚ ‘ਤੁਫ਼ਾਨ ਮਾਰੀਆ’ ਤੋਂ ਬਾਅਦ ਮੌਤਾਂ ਦੀ ਅਸਲ ਗਿਣਤੀ ਦੀ ਜਾਂਚ ਪੜਤਾਲ ਕੀਤੀ ਹੈ।
ਹਾਰਵਰਡ ਵਿਖੇ ਐਮਰਜੈਂਸੀ ਦੇ ਡਾਕਟਰ ਅਤੇ ਆਫ਼ਤਾਂ ਨਾਲ ਸਿੱਝਣ ਦੇ ਮਾਹਿਰ ਡਾ ਸੰਚਿਤ ਬਲਸਾਰੀ ਅਨੁਸਾਰ “ਕਿਸੇ ਆਫ਼ਤ ਦੇ ਦੌਰਾਨ ਅਤੇ ਬਾਅਦ ਵਿੱਚ ਮੌਤ ਦਰ ਦੇ ਅੰਕੜੇ ਨਾਜ਼ੁਕ ਹੁੰਦੇ ਹਨ – ਉਹ ਮਹਾਂਮਾਰੀ ਬਾਰੇ ਮਹੱਤਵਪੂਰਣ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਕੌਣ ਮਰਿਆ, ਕਿੱਥੇ, ਕਦੋਂ ਅਤੇ ਕਿਵੇਂ, ਤਾਂ ਜੋ ਜਨਤਕ ਸਿਹਤ ਏਜੰਸੀਆਂ ਹਰਕਤ ਵਿੱਚ ਆ ਸਕਣ ਅਤੇ ਅੱਗੋਂ ਤੋਂ ਅਜਿਹੇ ਮੌਕਿਆਂ ਨਾਲ ਨਜਿੱਠਣ ਲਈ ਬਿਹਤਰ ਤਿਆਰੀ ਕਰ ਸਕਣ।”
“ਦੁਨੀਆ ਭਰ ਦੀਆਂ ਸਰਕਾਰਾਂ, ਇਹਨਾਂ ਅੰਕੜਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਦੀ ਗਲਤੀ ਕਰਦੀਆਂ ਹਨ। ਪਰ ਮਾੜਾ ਅੰਕੜਾ ਜਨਤਕ ਸਿਹਤ ਪ੍ਰਤੀਕ੍ਰਿਆ ਨੂੰ ਕਮਜ਼ੋਰ ਹੀ ਕਰਦਾ ਹੈ, ਜਦੋਂ ਇਸਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ.”
ਤਬਾਹੀ ਦੀ ਤੀਬਰਤਾ ਨੂੰ ਸਮਝਣ ਲਈ, ਦੋ ਪੱਤਰਕਾਰਾਂ ਵਿੱਚੋਂ ਇੱਕ ਨੇ ਜੂਨ ਵਿੱਚ ਗੁਜਰਾਤ ਦੀ ਯਾਤਰਾ ਕੀਤੀ। ਗੁਜਰਾਤ ਦੇ ਮੌਤ ਰਜਿਸਟਰਾਂ ਦੁਆਰਾ ਪ੍ਰਗਟਾਏ ਜਾ ਰਹੇ ਅੰਕੜਿਆਂ ਦੀ ਸਚਾਈ ਨੂੰ ਲੋਕਾਂ ਦੇ ਦੁੱਖ ਅਤੇ ਹੋਏ ਨੁਕਸਾਨ ਪ੍ਰਤੀ ਜ਼ਾਹਿਰ ਕੀਤੀ ਜਾ ਰਹੀ ਸੰਵੇਦਨਾ ਪ੍ਰਮਾਣਤ ਕਰ ਰਹੀ ਸੀ।
ਗੁਜਰਾਤ ਦੇ ਜ਼ਿਆਦਾਤਰ ਨਗਰ ਪਾਲਿਕਾਵਾਂ ਦੇ ਵਿਸ਼ਲੇਸ਼ਣ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 50-80 ਸਾਲ ਦੀ ਉਮਰ ਦੇ ਬਜ਼ੁਰਗਾਂ ਦੀ ਮੌਤ ਦਰ ਵਿੱਚ ਹੋਰ ਉਮਰ ਸਮੂਹਾਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਗੌਰਤਲਬ ਇਹ ਵੀ ਹੈ ਕਿ ਦੂਜੀ ਲਹਿਰ ਦੇ ਦੌਰਾਨ, ਘਰ ਵਿੱਚ ਹੋਈਆਂ ਮੌਤਾਂ ਨਾਲੋਂ ਹਸਪਤਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ।
ਇਹ ਖੋਜਾਂ ਦਰਸਾਉਂਦੀਆਂ ਹਨ ਕਿ ਜ਼ਮੀਨੀ ਪੱਧਰ ‘ਤੇ ਗੁਜਰਾਤ ਵਿੱਚ ਕੀ ਹੋਇਆ?
ਗੁਜਰਾਤ ਦੇ ਅਮਰੇਲੀ ਦੇ ਕਬਰਸਤਾਨ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੀ ਐਸੋਸੀਏਸ਼ਨ, ਦਾਰੁਲ ਉਲੁਮ ਮਹਿਬੂਬੀਆ ਦੇ ਸਈਅਦ ਮਹਿਬੂਬ ਰਹਿਮਾਨ ਨੇ ਦਸਿਆ, “ਮੈਂ ਉਨ੍ਹਾਂ ਮਾਮਲਿਆਂ ਨੂੰ ਵੇਖਿਆ ਹੈ ਜਿੱਥੇ ਇੱਕ 60 ਸਾਲ ਦੇ ਬਜ਼ੁਰਗ ਤੋਂ ਆਕਸੀਜਨ ਹਟਾ ਕੇ ਕਿਸੇ ਵੀਹਵਿਆਂ ਦੀ ਉਮਰ ਵਾਲੇ ਨੌਜਵਾਨ ਨੂੰ ਲਾਈ ਗਈ ਤਾਂਕਿ ਉਸ ਦੀ ਜ਼ਿੰਦਗੀ ਬਚਾਈ ਜਾ ਸਕੇ।
”ਸਮਾਜ ਸੇਵੀ ਸਮੂਹਾਂ ਨੇ ਆਕਸੀਜਨ ਸਪਲਾਈ ਦਾ ਪ੍ਰਬੰਧ ਕਰਨ ਦੇ ਯਤਨਾਂ ਦੀ ਅਗਵਾਈ ਕੀਤੀ। ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਲੋਕ ਕਮਿਊਨਿਟੀ ਹਾਲਾਂ ਵਿੱਚ ਆਪਣੀ ਆਕਸੀਜਨ ਸਿਲੰਡਰ ਭਰਵਾ ਰਹੇ ਸਨ ਜਿਨ੍ਹਾਂ ਦੇ ਆਸ ਪਾਸ ਕੋਈ ਡਾਕਟਰ ਨਹੀਂ ਸੀ,” ਉਸਨੇ ਦੁਖੀ ਮਨ ਨਾਲ ਦੱਸਿਆ।
19 ਅਪ੍ਰੈਲ, 2021 ਨੂੰ, ਅਮਰੇਲੀ ਦੇ ਰੇਡੀਓਲੋਜਿਸਟ ਡਾ: ਭਰਤ ਪਾਡਾ, ਸ਼ਮਸ਼ਾਨਘਾਟ ਵਿੱਚ ਖੜ੍ਹੇ ਵੀ ਈਮੇਲ ਰਾਹੀਂ ਸੀਟੀ ਸਕੈਨ ਰਿਪੋਰਟਾਂ ਨੂੰ ਦੇਖ ਰਹੇ ਸਨ, ਜਦੋਂ ਉਨ੍ਹਾਂ ਦੇ ਸਾਹਮਣੇ ਚਿਖਾ ਵਿੱਚ, ਉਨ੍ਹਾਂ ਦੇ ਪਿਤਾ ਦੇ ਮ੍ਰਿਤਕ ਸਰੀਰ ਨੂੰ ਅਗਨਭੇਟ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ 74 ਸਾਲਾ ਪਿਤਾ ਨੂੰ ਮੌਤ ਤੋਂ ਸੱਤ ਦਿਨ ਪਹਿਲਾਂ ਕੋਵਿਡ -19 ਤੋਂ ਪੀੜਤ ਹੋਣ ਦਾ ਪਤਾ ਲੱਗਿਆ ਸੀ।
ਉਹ ਆਪਣੀ ਸੋਨੋਗ੍ਰਾਫੀ ਲੈਬ ਵਿੱਚ ਵਾਪਸ ਆਏ, ਜੋ ਕਸਬੇ ਦੇ ਸਿਰਫ ਤਿੰਨ ਲੈਬਾਂ ਵਿੱਚੋਂ ਇੱਕ ਸੀ, ਤਾਂਕਿ ਅਗਲੇ ਦਿਨ ਤੋਂ ਫਿਰ 15 ਘੰਟੇ- ਘੰਟੇ ਦੀਆਂ ਸ਼ਿਫਟਾਂ ਵਿਚ ਜੁਟ ਜਾਣ । “ਮੈਂ ਅੰਦਰੋਂ ਸੁੰਨ ਹੋ ਕੇ ਇਕ ਪੱਥਰ ਬਣ ਗਿਆ ਸੀ। ਮੈਨੂੰ ਕੋਈ ਭਾਵਨਾਵਾਂ ਮਹਿਸੂਸ ਨਹੀਂ ਹੋ ਰਹੀਆਂ ਸਨ, ਮੇਰੇ ਜਜ਼ਬਾਤ ਮਰ ਚੁਕੇ ਸਨ।” ਉਸਨੇ ਆਪਣੇ ਇੱਕ ਕਮਰੇ ਦੇ ਕਲੀਨਿਕ ਵਿੱਚ ਰਿਪੋਰਟਰ ਨੂੰ ਦੱਸਿਆ।
ਡਾ. ਪਾਡਾ ਉਨ੍ਹਾਂ ਬਹੁਤ ਸਾਰੇ ਲੋਕਾਂ ਵਿੱਚ ਸ਼ਾਮਲ ਹਨ ਜੋ ਗੁਜਰਾਤ ਦੇ ਸਰਕਾਰੀ ਕੋਵਿਡ ਮੌਤਾਂ ਦੇ ਅੰਕੜਿਆਂ ‘ਤੇ ਸ਼ੱਕ ਕਰਦੇ ਹਨ, “ਰੋਜ਼ਾਨਾ ਅਧਿਕਾਰਤ ਮੌਤਾਂ ਦੀ ਗਿਣਤੀ ਉਨ੍ਹਾਂ ਮੌਤਾਂ ਦੇ ਬਰਾਬਰ ਹੋਵੇਗੀ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ‘ਤੇ ਜਾਣਦਾ ਸੀ। ਇਹ ਅਸੰਭਵ ਹੈ ਕਿ ਕੇਵਲ ਉੱਨੇ ਲੋਕ ਹੀ ਮਰੇ ਹੋਣਗੇ।”
ਅਪ੍ਰੈਲ 2019 ਦੀ ਤੁਲਨਾ ਵਿੱਚ ਅਪ੍ਰੈਲ 2021 ਵਿੱਚ ਅਮਰੇਲੀ ਜ਼ਿਲ੍ਹੇ ਦੀਆਂ 9 ਨਗਰ ਪਾਲਿਕਾਵਾਂ ਵਿੱਚੋਂ 6 ਦਾ ਮੌਤ ਰਜਿਸਟਰ 1,257 ਵਾਧੂ ਮੌਤਾਂ ਦਰਸਾਉਂਦਾ ਹੈ। ਪਰ ਸਰਕਾਰ ਅਨੁਸਾਰ, ਅਪ੍ਰੈਲ ਵਿੱਚ ਅਮਰੇਲੀ ਦੇ ਪੇਂਡੂ ਹਿੱਸਿਆਂ ਸਮੇਤ ਜ਼ਿਲ੍ਹੇ ਵਿੱਚ ਸਿਰਫ 14 ਕੋਵਿਡ ਮੌਤਾਂ ਹੋਈਆਂ ਸਨ।
ਮੌਤ ਰਜਿਸਟਰਾਂ ਤੋਂ ਇਕੱਠੀ ਕੀਤੀ ਗਈ ‘ਵਾਧੂ ਮੌਤ ਗਿਣਤੀ’ ਅਜੇ ਵੀ ਅਸਲ ਮੌਤਾਂ ਤੋਂ ਘੱਟ ਹੋਣ ਦੀ ਸੰਭਾਵਨਾ ਹੈ। ਲੋਕ ਪਰਿਵਾਰ ਵਿੱਚ ਮੌਤ ਦਰਜ ਕਰਾਉਣ ਵਿੱਚ ਇੱਕ ਦਿਨ ਤੋਂ ਇੱਕ ਮਹੀਨੇ ਤੱਕ ਦਾ ਸਮਾਂ ਲਾ ਲੈਂਦੇ ਹਨ। ਪਰ ਰਜਿਸਟਰਾਂ ਵਿੱਚ ਅਸਲ ਮੌਤਾਂ ਤੋਂ ਵੱਧ ਗਿਣਤੀ ਦਰਜ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਬੋਲਦੇ ਅੰਕੜੇ
ਗ੍ਰਾਫ 1: 2020 ਦੇ ਅਰੰਭ ਵਿੱਚ ਮੌਤ ਦਰ 2019 ਵਾਲੀ ਮੌਤ ਦਰ ਦੇ ਨੇੜੇ ਹੀ ਰਹੀ ਪਰ ਅਪ੍ਰੈਲ ਤੋਂ ਇਹ ਪਾੜਾ ਵਧਣਾ ਸ਼ੁਰੂ ਹੋਇਆ, ਜਦੋਂ ਕੋਵਿਡ-19 ਨੇ ਪਹਿਲਾਂ ਲੋਕਾਂ ਨੂੰ ਸੰਕਰਮਿਤ ਕਰਨਾ ਸ਼ੁਰੂ ਕੀਤਾ। ਸਾਰੀਆਂ 68 ਨਗਰ ਪਾਲਿਕਾਵਾਂ ਵਿੱਚ ਸਭ ਤੋਂ ਵੱਧ ਮੌਤਾਂ ਜੁਲਾਈ 2020 ਵਿੱਚ 1228 ਹੋਈਆਂ। 2021 ਵਿੱਚ, ਦੂਜੀ ਲਹਿਰ ਦੌਰਾਨ ਅਪ੍ਰੈਲ ਵਿੱਚ ਮੌਤਾਂ ਵਿੱਚ ਭਾਰੀ ਵਾਧਾ ਹੋਇਆ:
ਗ੍ਰਾਫ 2: ਅਧਿਕਾਰਤ ਅੰਕੜੇ ਅਤੇ ਮੀਡੀਆ ਰਿਪੋਰਟਾਂ ਇਹ ਸਪਸ਼ਟ ਕਰਦੀਆਂ ਹਨ ਕਿ ਤਕਰੀਬਨ ਤਿੰਨ ਮਹੀਨਿਆਂ ਦੀ ਦੂਜੀ ਲਹਿਰ ਵਿੱਚ ਮਈ 2021 ਸਭ ਤੋਂ ਵੱਧ ਪ੍ਰਭਾਵਤ ਹੋਇਆ ਸੀ। ਹਾਲਾਂਕਿ, ਜ਼ਿਆਦਾਤਰ ਨਗਰ ਪਾਲਿਕਾਵਾਂ ਲਈ ਅੰਕੜਾ ਸਿਰਫ 10 ਮਈ, 2021 ਤੱਕ ਉਪਲਬਧ ਸੀ। ਮਈ 2021 ਦੇ ਪਹਿਲੇ 10 ਦਿਨਾਂ ਵਿੱਚ 67 ਨਗਰ ਪਾਲਿਕਾਵਾਂ ਵਿੱਚ 3,532 ਮੌਤਾਂ ਹੋਈਆਂ। ਇਨ੍ਹਾਂ 10 ਦਿਨਾਂ ਵਿੱਚ ਇਨ੍ਹਾਂ ਨਗਰ ਪਾਲਿਕਾਵਾਂ ਲਈ ਪ੍ਰਤੀ ਦਿਨ ਮੌਤਾਂ ਦੀ ਔਸਤ, ਮਈ 2019 ਦੀ ਤੁਲਨਾ ਵਿੱਚ ਚਾਰ ਗੁਣਾ ਸੀ। ਤਿੰਨ ਨਗਰ ਪਾਲਿਕਾਵਾਂ ਜਿੱਥੇ ਮਈ ਦੇ ਅੰਤ ਤੱਕ ਮੌਤਾਂ ਦੇ ਅੰਕੜੇ ਉਪਲਬਧ ਸਨ, ਅਪ੍ਰੈਲ 2021 ਦੇ ਮੁਕਾਬਲੇ ਮੌਤਾਂ ਦੀ ਵਧੇਰੇ ਸੰਖਿਆ ਦਰਸਾਉਂਦੀਆਂ ਹਨ:
ਗ੍ਰਾਫ 3: ਅਸੀਂ ਮਾਰਚ, ਅਪ੍ਰੈਲ 2019, 2020 ਅਤੇ 2021 ਵਿੱਚ 10 ਨਗਰ ਪਾਲਿਕਾਵਾਂ ਦੇ ਸਾਰੇ ਉਮਰ ਸਮੂਹਾਂ ਵਿੱਚ ਹੋਈਆਂ ਮੌਤਾਂ ਦਾ ਵਿਸ਼ਲੇਸ਼ਣ ਕੀਤਾ। 50 ਤੋਂ 80 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦੀ ਗਿਣਤੀ ਹੋਰ ਸਮੂਹਾਂ ਦੇ ਮੁਕਾਬਲੇ ਅਸਾਧਾਰਣ ਤੌਰ ‘ਤੇ ਵਧੇਰੇ ਸੀ। ਉਨ੍ਹਾਂ ‘ਚੋਂ ਵੀ 60 ਤੋਂ 70 ਸਾਲ ਦੀ ਉਮਰ ਦੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ:
ਗ੍ਰਾਫ 4: ਸਾਰੀਆਂ ਨਗਰ ਪਾਲਿਕਾਵਾਂ ਵਿੱਚ, ਜਿੱਥੇ ਅੰਕੜੇ ਉਪਲਬਧ ਸਨ, ਇਕ ਤੱਥ ਸਾਂਝਾ ਦੇਖਿਆ ਗਿਆ ਕਿ ਕਿ ਮਾਰਚ-ਮਈ 2021 ਵਿੱਚ ਕੁੱਲ ਮੌਤਾਂ ਦੀ ਤੁਲਨਾ ਵਿੱਚ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦੀ ਪ੍ਰਤੀਸ਼ਤਤਾ 2019 ਅਤੇ 2020 ਵਿੱਚ ਇਸੇ ਮਿਆਦ ਦੇ ਮੁਕਾਬਲੇ ਵਧੀ ਹੈ:
5 ਵਧੇਰੇ ਪ੍ਰਭਾਵਿਤ ਨਗਰਪਾਲਿਕਾਵਾਂ
ਸੁਰੇਂਦਰਨਗਰ ਨਗਰਪਾਲਿਕਾ ਵਿੱਚ ਅਧਿਕਤਮ ਮੌਤਾਂ ਦਾ ਅੰਕੜਾ ਹੈ। ਨਗਰਪਾਲਿਕਾ ਨੇ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿੱਚ, 1,195 ਵਾਧੂ ਮੌਤਾਂ ਵੇਖੀਆਂ। ਇਹ ਹੁਣ ਤੱਕ ਜ਼ਿਲ੍ਹੇ ਵਿੱਚ ਅਧਿਕਾਰਤ ਤੌਰ ‘ਤੇ ਰਿਪੋਰਟ ਕੀਤੀ 136 ਕੋਵਿਡ ਮੌਤਾਂ ਨਾਲੋਂ 8.7 ਗੁਣਾ ਜ਼ਿਆਦਾ ਹੈ:
___________________________
ਇਹ ਵੀ ਪੜ੍ਹੋ:
ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ
ਕੈਪਟਨ ਸਾਹਿਬ! ਆਖ਼ਰੀ ਲਮਹੇਂ ਦੀ ਦਾਸਤਾਨ
Pandemic Profits and Politics – the saga of India’s “Money Heist”
ਵੇਖੋ ਵੀਡੀਓ :
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today : All right Reserve 2016 - 2024 |